ਗੋਆ ’ਚ ‘ਗੈਰ-ਕਾਨੂੰਨੀ’ ਢੰਗ ਨਾਲ ਬਾਰ ਚਲਾ ਰਹੀ ਹੈ ਸਮ੍ਰਿਤੀ ਇਰਾਨੀ ਦੀ ਬੇਟੀ : ਕਾਂਗਰਸ

07/24/2022 10:46:03 AM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਬੇਟੀ ਗੋਆ ’ਚ ਗੈਰ-ਕਾਨੂੰਨੀ ਢੰਗ ਨਾਲ ਬਾਰ ਚਲਾ ਰਹੀ ਹੈ। ਮੁੱਖ ਵਿਰੋਧੀ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੂੰ ਤੁਰੰਤ ਬਰਤਰਫ਼ ਕਰ ਦੇਣ। ਸਮ੍ਰਿਤੀ ਦੀ ਬੇਟੀ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਗਿਆ ਹੈ। ਸਮ੍ਰਿਤੀ ਦੀ ਬੇਟੀ ਦੇ ਵਕੀਲ ਨੇ ਸ਼ਨੀਵਾਰ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਦੀ ਮੁਵਕਿਲ ‘ਸਿਲੀ ਸੋਲਸ’ ਨਾਂ ਦੇ ਰੈਸਟੋਰੈਂਟ ਦੀ ਨਾ ਤਾਂ ਮਾਲਕਨ ਹੈ ਅਤੇ ਨਾ ਹੀ ਉਸ ਦਾ ਸੰਚਾਲਨ ਕਰਦੀ ਹੈ। ਕਿਸੇ ਵੀ ਅਥਾਰਿਟੀ ਵੱਲੋਂ ਉਸ ਨੂੰ ਕੋਈ ਕਾਰਨ ਦੱਸੋ ਨੋਟਿਸ ਵੀ ਨਹੀਂ ਮਿਲਿਆ ਹੈ। ਵਕੀਲ ਨੇ ਕਿਹਾ ਹੈ ਕਿ ਨਿੱਜੀ ਸਵਾਰਥੀ ਅਨਸਰ ਗਲਤ ਅਤੇ ਮੰਦਭਾਵਨਾ ਭਰਪੂਰ ਅਤੇ ਇਤਰਾਜ਼ਯੋਗ ਸੋਸ਼ਲ ਮੀਡੀਆ ਪੋਸਟ ਕਰ ਰਹੇ ਹਨ। ਉਨ੍ਹਾਂ ਸਭ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਸਮ੍ਰਿਤੀ ਨੂੰ ਬਦਨਾਮ ਕਰਨ ਲਈ ਹੀ ਉਸ ਦੀ ਬੇਟੀ ’ਤੇ ਬੇਬੁਨਿਆਦ ਦੋਸ਼ ਲਾਏ ਜਾ ਰਹੇ ਹਨ।

ਇਹ ਵੀ ਪੜ੍ਹੋ : ਹੁਣ ਦਿੱਲੀ ’ਚ ਗਰੀਬਾਂ ਦੇ ਬੱਚੇ ਵੀ ਬੋਲਣਗੇ ਫ਼ਰਾਟੇਦਾਰ ਅੰਗਰੇਜ਼ੀ, ਕੇਜਰੀਵਾਲ ਸਰਕਾਰ ਕਰਵਾਏਗੀ ਮੁਫ਼ਤ ਕੋਰਸ

ਕਾਂਗਰਸ ਨੇ ਇਕ ਦਸਤਾਵੇਜ਼ ਜਾਰੀ ਕਰਦੇ ਹੋਏ ਦਾਅਵਾ ਕੀਤਾ ਕਿ ਆਬਕਾਰੀ ਵਿਭਾਗ ਵੱਲੋਂ ਸਮ੍ਰਿਤੀ ਦੀ ਬੇਟੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਜਿਸ ਅਧਿਕਾਰੀ ਨੇ ਇਹ ਨੋਟਿਸ ਜਾਰੀ ਕੀਤਾ ਸੀ, ਉਸ ਨੂੰ ਤਬਦੀਲ ਕੀਤਾ ਜਾ ਰਿਹਾ ਹੈ। ਕਾਂਗਰਸ ਦੇ ਮੀਡੀਆ ਅਤੇ ਪ੍ਰਚਾਰ ਮੁਖੀ ਪਵਨ ਖੇੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮ੍ਰਿਤੀ ਦੇ ਪਰਿਵਾਰ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਹਨ। ਗੋਆ ’ਚ ਉਨ੍ਹਾਂ ਦੀ ਬੇਟੀ ਵੱਲੋਂ ਚਲਾਏ ਜਾ ਰਹੇ ਰੈਸਟੋਰੈਂਟ ’ਚ ਸ਼ਰਾਬ ਪਿਆਉਣ ਲਈ ਫਰਜ਼ੀ ਲਾਇਸੈਂਸ ਜਾਰੀ ਕਰਨ ਦਾ ਦੋਸ਼ ਲੱਗਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਮ੍ਰਿਤੀ ਦੀ ਬੇਟੀ ਨੇ ਆਪਣੇ ਰੈਸਟੋਰੈਂਟ ਦੇ ਫਰਜ਼ੀ ਦਸਤਾਵੇਜ਼ ਦਿਖਾ ਕੇ ਲਾਇਸੈਂਸ ਹਾਸਲ ਕੀਤਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News