ਉੱਤਰ ਪ੍ਰਦੇਸ਼ : ਨਹਿਰ ''ਚ ਸੁੱਟੀ ਗਈ ਸ਼ਰਾਬ ਪੀਣ ਨਾਲ 6 ਮਜ਼ਦੂਰਾਂ ਦੀ ਮੌਤ, 24 ਬੀਮਾਰ

Thursday, Jun 03, 2021 - 05:43 PM (IST)

ਉੱਤਰ ਪ੍ਰਦੇਸ਼ : ਨਹਿਰ ''ਚ ਸੁੱਟੀ ਗਈ ਸ਼ਰਾਬ ਪੀਣ ਨਾਲ 6 ਮਜ਼ਦੂਰਾਂ ਦੀ ਮੌਤ, 24 ਬੀਮਾਰ

ਅਲੀਗੜ੍ਹ- ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ 'ਚ ਨਹਿਰ 'ਚ ਸੁੱਟੀ ਗਈ ਸ਼ਰਾਬ ਪੀਣ ਨਾਲ 6 ਇੱਟ ਭੱਠਾ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 24 ਹੋਰ ਗੰਭੀਰ ਰੂਪ ਨਾਲ ਬੀਮਾਰ ਹੋ ਗਏ। ਸੀਨੀਅਰ ਪੁਲਸ ਸੁਪਰਡੈਂਟ ਨੈਥਾਨੀ ਨੇ ਵੀਰਵਾਰ ਨੂੰ ਦੱਸਿਆ ਕਿ ਬੁੱਧਵਾਰ ਰਾਤ ਜਵਾਂ ਥਾਣਾ ਖੇਤਰ ਦੇ ਰੋਹੇਰਾ ਪਿੰਡ ਕੋਲ ਇਕ ਨਹਿਰ 'ਚ ਸੁੱਟੀ ਗਈ ਸ਼ਰਾਬ ਪੀਣ ਨਾਲ ਵੱਡੀ ਗਿਣਤੀ 'ਚ ਇੱਟ ਭੱਠਾ ਮਜ਼ਦੂਰ ਬੀਮਾਰ ਹੋ ਗਏ। ਜਵਾਹਰਲਾਲ ਨਹਿਰੂ ਮੈਡੀਕਲ ਕਾਲਜ ਹਸਪਤਾਲ ਦੇ ਮੁੱਖ ਮੈਡੀਕਲ ਸੁਪਰਡੈਂਟ ਡਾਕਟਰ ਹਾਰਿਸ ਮੰਜੂਰ ਨੇ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ 6 ਮਜ਼ਦੂਰਾਂ ਦੀ ਮੌਤ ਹੋ ਚੁਕੀ ਹੈ। ਇਸ ਤੋਂ ਇਲਾਵਾ 24 ਹੋਰ ਮਜ਼ਦੂਰਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਸਾਰਿਆਂ ਦੀ ਹਾਲਤ ਨਾਜ਼ੁਕ ਹੈ।

ਹਾਰਿਸ ਨੇ ਦੱਸਿਆ ਕਿ 2-3 ਜੂਨ ਦੀ ਦਰਮਿਆਨੀ ਰਾਤ 5 ਮਜ਼ਦੂਰਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ, ਜਿਨ੍ਹਾਂ 'ਚੋਂ ਤਿੰਨ ਦੀ ਪਹਿਲਾਂ ਹੀ ਮੌਤ ਹੋ ਚੁਕੀ ਸੀ। ਰਾਤ ਤੋਂ ਲੈ ਕੇ ਵੀਰਵਾਰ ਤੱਕ ਕੁੱਲ 30 ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ ਹੈ। ਸੀਨੀਅਰ ਪੁਲਸ ਸੁਪਰਡੈਂਟ ਨੈਥਾਨੀ ਅਨੁਸਾਰ, ਅਜਿਹਾ ਲੱਗਦਾ ਹੈ ਕਿ ਮਿਲਾਵਟੀ ਸ਼ਰਾਬ ਦੇ ਕੁਝ ਕਾਰੋਬਾਰੀਆਂ ਨੇ ਪੁਲਸ ਦੀ ਕਾਰਵਾਈ ਤੋਂ ਡਰ ਕੇ ਆਪਣਾ ਪੂਰਾ ਸਟਾਕ ਨਹਿਰ 'ਚ ਸੁੱਟ ਦਿੱਤਾ। ਉਸੇ ਸ਼ਰਾਬ ਨੂੰ ਇਨ੍ਹਾਂ ਮਜ਼ਦੂਰਾਂ ਨੇ ਨਹਿਰ 'ਚੋਂ ਕੱਢ ਕੇ ਇਸਤੇਮਾਲ ਕਰ ਲਿਆ, ਜਿਸ ਕਾਰਨ ਉਨ੍ਹਾਂ ਦੀ ਸਿਹਤ ਖ਼ਰਾਬ ਹੋਈ। ਸਥਾਨਕ ਲੋਕਾਂ ਅਨੁਸਾਰ ਕੁਝ ਇੱਟ ਭੱਠਾ ਮਜ਼ਦੂਰ ਸ਼ਾਮ ਨੂੰ ਨਹਾਉਣ ਗਏ ਸਨ, ਉਦੋਂ ਉਨ੍ਹਾਂ ਨੂੰ ਦੇਸੀ ਸ਼ਰਾਬ ਦੇ ਕੁਝ ਪੈਕੇਟ ਮਿਲੇ। ਮਜ਼ਦੂਰਾਂ ਨੇ ਉਨ੍ਹਾਂ ਨੂੰ ਕੱਢ ਕੇ ਪੀ ਲਿਆ। ਇਸ ਦੇ ਕੁਝ ਹੀ ਦੇਰ ਬਾਅਦ ਉਨ੍ਹਾਂਸਾਰਿਆਂ ਦੀ ਸਿਹਤ ਖ਼ਰਾਬ ਹੋਣ ਲੱਗੀ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਬੀਮਾਰ ਹੋਏ ਸਾਰੇ ਮਜ਼ਦੂਰਾਂ ਨੂੰ ਹਸਪਤਾਲ ਪਹੁੰਚਾਇਆ। ਇਸ ਮਾਮਲੇ 'ਚ ਅਣਪਛਾਤੇ ਲੋਕਾਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News