ਹਿਮਾਚਲ 'ਚ ਕਾਂਗਰਸ ਨੂੰ ਵੱਡਾ ਝਟਕਾ, 6 ਬਾਗੀ ਵਿਧਾਇਕ BJP 'ਚ ਹੋਏ ਸ਼ਾਮਲ

03/23/2024 4:57:35 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਆਯੋਗ ਠਹਿਰਾਏ ਗਏ ਸਾਰੇ ਛੇ ਬਾਗੀ ਵਿਧਾਇਕ ਅਤੇ ਤਿੰਨ ਆਜ਼ਾਦ ਵਿਧਾਇਕ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਕਾਂਗਰਸੀ ਵਿਧਾਇਕ ਸੁਧੀਰ ਸ਼ਰਮਾ, ਰਵੀ ਠਾਕੁਰ, ਰਾਜਿੰਦਰ ਸਿੰਘ ਰਾਣਾ, ਚੈਤੰਨਿਆ ਸ਼ਰਮਾ, ਦੇਵੇਂਦਰ ਭੁੱਟੋ ਅਤੇ ਇੰਦਰ ਦੱਤ ਲਖਨਪਾਲ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਨ੍ਹਾਂ ਵਿਧਾਇਕਾਂ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਕੁੱਲ 68 ਵਿਧਾਨ ਸਭਾ ਸੀਟਾਂ 'ਚੋਂ ਕਾਂਗਰਸ ਕੋਲ ਹੁਣ ਘੱਟ ਕੇ 34 ਸੀਟਾਂ ਰਹਿ ਗਈਆਂ ਹਨ। ਉਥੇ ਹੀ ਭਾਜਪਾ ਦੀ ਗਿਣਤੀ ਨਹੀਂ ਵਧੇਗੀ ਕਿਉਂਕਿ 6 ਬਾਗੀ ਵਿਧਾਇਕਾਂ ਨੂੰ ਸਪੀਕਰ ਨੇ ਮੁਅੱਤਲ ਕਰ ਦਿੱਤਾ ਸੀ ਅਤੇ 3 ਆਜ਼ਾਦ ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਹੈ।

ਹਿਮਾਚਲ ਪ੍ਰਦੇਸ਼ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਰਾਜ ਸਭਾ ਚੋਣਾਂ ਵਿੱਚ ਬਗਾਵਤ ਕਰਨ ਵਾਲੇ ਇਨ੍ਹਾਂ 6 ਬਾਗੀ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਦਲ-ਬਦਲ ਵਿਰੋਧੀ ਕਾਨੂੰਨ ਤਹਿਤ 6 ਮਾਣਯੋਗ ਵਿਧਾਇਕਾਂ ਵਿਰੁੱਧ ਸ਼ਿਕਾਇਤ ਵਿਧਾਇਕ ਮੰਤਰੀ ਹਰਸ਼ਵਰਧਨ ਰਾਹੀਂ ਸਾਡੇ ਸਕੱਤਰੇਤ ਨੂੰ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੋਵਾਂ ਧਿਰਾਂ ਨੂੰ ਸੁਣਿਆ ਅਤੇ ਆਪਣਾ ਫੈਸਲਾ ਸੁਣਾਇਆ। ਮੁਅੱਤਲ ਵਿਧਾਇਕਾਂ ਨੇ ਵ੍ਹਿਪ ਦੀ ਉਲੰਘਣਾ ਕੀਤੀ ਸੀ।

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ ਕਾਂਗਰਸ ਦੇ 40 ਵਿਧਾਇਕ ਸਨ। 68 ਮੈਂਬਰੀ ਵਿਧਾਨ ਸਭਾ ਵਿੱਚ ਬਹੁਮਤ ਲਈ ਜ਼ਰੂਰੀ ਜਾਦੂਈ ਅੰਕੜਾ 35 ਸੀ। 6 ਵਿਧਾਇਕਾਂ ਦੀ ਬਗਾਵਤ ਤੋਂ ਬਾਅਦ, ਕਾਂਗਰਸ ਨੰਬਰ ਗੇਮ ਵਿੱਚ 40 ਤੋਂ 34 'ਤੇ ਆ ਗਈ, ਜੋ ਕਿ ਬਹੁਮਤ ਲਈ ਲੋੜੀਂਦੇ ਜਾਦੂਈ ਅੰਕੜੇ ਤੋਂ ਇੱਕ ਘੱਟ ਹੈ ਪਰ ਬਾਗੀ ਵਿਧਾਇਕਾਂ ਨੂੰ ਮੈਂਬਰਸ਼ਿਪ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਹੁਣ ਵਿਧਾਨ ਸਭਾ ਦੀ ਗਿਣਤੀ 62 ਹੋ ਗਈ ਹੈ। ਅਜਿਹੇ 'ਚ ਬਹੁਮਤ ਲਈ ਜ਼ਰੂਰੀ ਜਾਦੂਈ ਅੰਕੜਾ ਹੁਣ 32 ਹੋ ਗਿਆ ਹੈ। ਇਸ ਲਈ ਇਸ ਵੇਲੇ ਵਿਧਾਨ ਸਭਾ ਵਿੱਚ ਸਿਰਫ਼ ਕਾਂਗਰਸ ਹੀ ਅੱਗੇ ਹੈ।


Rakesh

Content Editor

Related News