ਸੀਤਾਰਾਮ ਯੇਚੁਰੀ ਦਾ ਦਿਹਾਂਤ, ਦਿੱਲੀ ਦੇ ਏਮਜ਼ 'ਚ ਲਿਆ ਆਖ਼ਰੀ ਸਾਹ
Thursday, Sep 12, 2024 - 04:24 PM (IST)
ਨਵੀਂ ਦਿੱਲੀ- ਭਾਰਤੀ ਕਮਿਊਨਿਸਟ ਪਾਰਟੀ (ਮਾਕਪਾ) (CPM) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦਾ ਅੱਜ ਯਾਨੀ ਕਿ ਵੀਰਵਾਰ ਨੂੰ ਦਿਹਾਂਤ ਹੋ ਗਿਆ। ਉਹ 72 ਸਾਲ ਦੇ ਸਨ। ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਯੇਚੁਰੀ ਨੇ ਦਿੱਲੀ ਦੇ ਏਮਜ਼ ਹਸਪਤਾਲ 'ਚ ਆਖ਼ਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਯੇਚੁਰੀ ਨੂੰ ਫੇਫੜਿਆਂ ਵਿਚ ਇਨਫੈਕਸ਼ਨ ਸੀ। ਡਾਕਟਰਾਂ ਦੀ ਟੀਮ ਉਨ੍ਹਾਂ ਦੀ ਕਈ ਦਿਨਾਂ ਤੋਂ ਇਲਾਜ ਕਰ ਰਹੀ ਸੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। 19 ਅਗਸਤ ਨੂੰ ਤੇਜ਼ ਬੁਖ਼ਾਰ ਦੀ ਸ਼ਿਕਾਇਤ ਮਗਰੋਂ ਯੇਚੁਰੀ ਨੂੰ ਏਮਜ਼ ਦੇ ਐਮਰਜੈਂਸੀ ਵਿਭਾਗ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਨਿਮੋਨੀਆ ਕਾਰਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਯੇਚੁਰੀ ਦੀ ਹਾਲ ਹੀ ਵਿਚ ਮੋਤੀਆਬਿੰਦ ਦੀ ਸਰਜਰੀ ਵੀ ਹੋਈ ਸੀ।
ਕੌਣ ਸਨ ਸੀਤਾਰਾਮ ਯੇਚੁਰੀ?
ਦੱਸ ਦੇਈਏ ਕਿ ਸੀਤਾਰਾਮ ਯੇਚੁਰੀ ਦਾ ਜਨਮ 12 ਅਗਸਤ 1952 ਨੂੰ ਮਦਰਾਸ ਵਿਚ ਇਕ ਤੇਲਗੂ ਭਾਸ਼ੀ ਬ੍ਰਾਹਮਣ ਪਰਿਵਾਰ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਸਰਵੇਸ਼ਵਰ ਸੋਮਯਾਜੁਲਾ ਯੇਚੁਰੀ ਆਂਧਰਾ ਪ੍ਰਦੇਸ਼ ਸੂਬਾ ਸੜਕ ਟਰਾਂਸਪੋਰਟ ਨਿਗਮ ਵਿਚ ਇੰਜੀਨੀਅਰ ਸਨ। ਉਨ੍ਹਾਂ ਦੀ ਮਾਂ ਕਲਪਕਮ ਯੇਚੁਰੀ ਇਕ ਸਰਕਾਰੀ ਅਧਿਕਾਰੀ ਸਨ। ਸੀਤਾਰਾਮ ਦਾ ਪਾਲਣ-ਪੋਸ਼ਣ ਹੈਦਰਾਬਾਦ ਵਿਚ ਹੋਇਆ ਅਤੇ 10ਵੀਂ ਤੱਕ ਹੈਦਰਾਬਾਦ ਦੇ ਆਲ ਸੈਂਟਸ ਹਾਈ ਸਕੂਲ ਵਿਚ ਉਨ੍ਹਾਂ ਨੇ ਪੜ੍ਹਾਈ ਕੀਤੀ। ਸੀਤਾਰਾਮ ਯੇਚੁਰੀ ਨੇ ਪ੍ਰੈਜ਼ੀਡੈਂਟਸ ਅਸਟੇਟ ਸਕੂਲ, ਨਵੀਂ ਦਿੱਲੀ ਵਿਚ ਪੜ੍ਹਾਈ ਕੀਤੀ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਹਾਇਰ ਸੈਕੰਡਰੀ ਪ੍ਰੀਖਿਆ ਵਿਚ ਆਲ ਇੰਡੀਆ ਫਸਟ ਰੈਂਕ ਪ੍ਰਾਪਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸੇਂਟ ਸਟੀਫਨ ਕਾਲਜ, ਦਿੱਲੀ ਤੋਂ ਅਰਥ ਸ਼ਾਸਤਰ ਵਿਚ ਬੀਏ (ਆਨਰਜ਼) ਦੀ ਪੜ੍ਹਾਈ ਕੀਤੀ ਅਤੇ ਫਿਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿਚ ਐਮ.ਏ. ਕੀਤੀ।
ਸਿਆਸੀ ਜੀਵਨ
ਸੀਤਾਰਾਮ ਯੇਚੁਰੀ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਸਨ। ਉਹ 1992 ਤੋਂ ਪਾਰਟੀ ਦੀ ਪੋਲਿਟ ਬਿਊਰੋ ਦੇ ਮੈਂਬਰ ਵੀ ਰਹੇ। ਇਸ ਤੋਂ ਪਹਿਲਾਂ ਯੇਚੁਰੀ 2005 ਤੋਂ 2017 ਤੱਕ ਪੱਛਮੀ ਬੰਗਾਲ ਤੋਂ ਰਾਜ ਸਭਾ ਮੈਂਬਰ ਰਹੇ ਸਨ। ਯੇਚੁਰੀ 1974 ਵਿਚ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ (SFI) ਵਿਚ ਸ਼ਾਮਲ ਹੋਏ ਅਤੇ ਇਕ ਸਾਲ ਬਾਅਦ,ਉਹ ਭਾਰਤੀ ਕਮਿਊਨਿਸਟ ਪਾਰਟੀ 'ਚ ਸ਼ਾਮਲ ਹੋ ਗਏ।