550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸਿਰਸਾ ਨੇ ਕੇਜਰੀਵਾਲ ਨੂੰ ਲਿਖੀ ਚਿੱਠੀ, ਕੀਤੀ ਖਾਸ ਅਪੀਲ

11/06/2019 10:15:29 PM

ਨਵੀਂ ਦਿੱਲੀ (ਏਜੰਸੀ)- ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਲਿਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਧਿਆਨ ਵਿਚ ਰੱਖਦਿਆਂ ਦਿੱਲੀ ਸਰਕਾਰ ਵਲੋਂ ਮਿੱਥੀਆਂ ਗਈਆਂ ਓਡ-ਈਵਨ ਦੀਆਂ ਤਰੀਕਾਂ ਨੂੰ ਬਦਲੀਆਂ ਜਾਣ।

ਇਸ ਅਪੀਲ ਵਿਚ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ 12 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਦੌਰਾਨ 11 ਨਵੰਬਰ ਨੂੰ ਗੁਰਦੁਆਰਾ ਸ੍ਰੀ ਸੀਸਗੰਜ ਤੋਂ ਗੁਰਦੁਆਰਾ ਸ੍ਰੀ ਨਾਨਕ ਪਿਆਓ ਸਾਹਿਬ, ਜੀ.ਟੀ. ਕਰਨਾਲ ਰੋਡ ਦਿੱਲੀ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ। ਇਸ ਦੌਰਾਨ ਲੱਖਾਂ ਦੀ ਗਿਣਤੀ ਵਿਚ ਸਿੱਖਾਂ ਸਣੇ ਹੋਰ ਭਾਈਚਾਰੇ ਨਗਰ ਕੀਰਤਨ ਵਿਚ ਹਿੱਸਾ ਲੈਣਗੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹੋਰ ਵੀ ਕਈ ਸਮਾਗਮ ਨਵੰਬਰ ਮਹੀਨੇ ਵਿਚ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵਲੋਂ ਓਡ-ਈਵਨ ਪਾਲਸੀ ਕਾਰਨ ਸ਼ਰਧਾਲੂਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਕਿ ਨਗਰ ਕੀਰਤਨ ਤੇ ਹੋਰ ਸਮਾਗਮਾਂ ਵਿਚ ਸ਼ਾਮਲ ਹੋਣ ਦੇ ਚਾਹਵਾਨ ਹੋਣਗੇ। ਇਸ ਦੌਰਾਨ ਅਸੀਂ ਤੁਹਾਨੂੰ ਬੇਨਤੀ ਕਰ ਰਹੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਧਿਆਨ ਵਿਚ ਰੱਖਦਿਆਂ ਜਾਂ ਤਾਂ ਇਸ ਦੌਰਾਨ ਓਡ-ਈਵਨ ਪਾਲਸੀ ਦੀ ਮਿੱਥੀ ਤਰੀਕ ਬਦਲੀ ਜਾਵੇ ਜਾਂ ਫਿਰ ਇਸ ਨੂੰ ਰੱਦ ਕਰ ਦਿੱਤਾ ਜਾਵੇ।


Sunny Mehra

Content Editor

Related News