ਸਿੱਖ ਦੀ ਦਸਤਾਰ ਖਿੱਚਣ ਦਾ ਮਾਮਲਾ: ਸਿਰਸਾ ਨੇ ਪੁਲਸ ਮੁਲਾਜ਼ਮਾਂ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ
Tuesday, Oct 13, 2020 - 10:44 AM (IST)
ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪੱਛਮੀ ਬੰਗਾਲ ਦੇ ਆਪਣੇ ਦੌਰੇ ਦੇ ਦੂਜੇ ਦਿਨ ਸਾਬਕਾ ਫ਼ੌਜੀ ਬਲਵਿੰਦਰ ਸਿੰਘ ਦੀ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਕੋਲਕਾਤਾ ਪੁਲਸ ਦੇ ਮੁਲਾਜ਼ਮਾਂ ਖਿਲਾਫ ਥਾਣਾ ਹਾਵੜਾ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਦਰਜ ਕਰਵਾਉਣ ਮਗਰੋਂ ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨੇ ਡੀ. ਜੀ. ਪੀ. ਪੱਛਮੀ ਬੰਗਾਲ ਦੇ ਨਾਂ 'ਤੇ ਇਹ ਸ਼ਿਕਾਇਤ ਦਿੱਤੀ ਹੈ, ਜੋ ਪੁਲਸ ਥਾਣਾ ਹਾਵੜਾ ਵਿਚ ਪ੍ਰਾਪਤ ਕੀਤੀ ਗਈ ਹੈ। ਇਸ ਸ਼ਿਕਾਇਤ ਵਿਚ ਮੰਗ ਕੀਤੀ ਗਈ ਹੈ ਕਿ ਸਾਬਕਾ ਫ਼ੌਜੀ ਬਲਵਿੰਦਰ ਸਿੰਘ ਦੀ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਕੋਲਕਾਤਾ ਪੁਲਸ ਦੇ ਮੁਲਾਜ਼ਮਾਂ ਖਿਲਾਫ ਧਾਰਾ 295-ਏ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ।
ਇਹ ਵੀ ਪੜ੍ਹੋ: ਸਿੱਖ ਦੀ ਪੱਗੜੀ ਖਿੱਚਣ ਦਾ ਮਾਮਲਾ: ਸਿਰਸਾ ਦੀ ਅਗਵਾਈ 'ਚ ਵਫ਼ਦ ਨੇ ਰਾਜਪਾਲ ਕੋਲ ਚੁੱਕਿਆ ਮੁੱਦਾ
ਸਿਰਸਾ ਦੀ ਅਗਵਾਈ ਵਿਚ ਵਫਦ ਨੇ ਰਛਪਾਲ ਸਿੰਘ ਸਾਬਕਾ ਮੰਤਰੀ ਅਤੇ ਮੌਜੂਦਾ ਐੱਮ. ਐੱਲ. ਏ. ਅਤੇ ਚੇਅਰਮੈਨ ਪੱਛਮੀ ਬੰਗਾਲ ਟਰਾਂਸਪੋਰਟ ਕਾਰਪੋਰੇਸ਼ਨ ਨੂੰ ਮਿਲ ਕੇ ਉਨ੍ਹਾਂ ਨੂੰ ਵੀ ਅਪੀਲ ਕੀਤੀ ਕਿ ਪੱਛਮੀ ਬੰਗਾਲ ਸਰਕਾਰ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਦਿਆਂ ਬਲਵਿੰਦਰ ਸਿੰਘ ਨੂੰ ਰਿਹਾਅ ਕਰੇ ਅਤੇ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: ਸਿੱਖ ਦੀ ਪੱਗੜੀ ਖਿੱਚਣ ਦਾ ਮਾਮਲਾ; ਭਾਜਪਾ ਨੇਤਾ ਨੇ ਘੱਟ ਗਿਣਤੀ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ
ਦੱਸਣਯੋਗ ਹੈ ਕਿ ਪੱਛਮੀ ਬੰਗਾਲ ਦੇ ਹਾਵੜਾ ਵਿਚ ਭਾਜਪਾ ਦੀ ਇਕ ਰੈਲੀ ਦੌਰਾਨ ਸਿੱਖ ਵਿਅਕਤੀ ਬਲਵਿੰਦਰ ਸਿੰਘ 'ਤੇ ਪੁਲਸ ਵਲੋਂ ਧੱਕਾ-ਮੁੱਕੀ ਕੀਤੇ ਜਾਣ ਅਤੇ ਉਸ ਦੀ ਪੱਗੜੀ ਖਿੱਚੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀਆਂ ਤਸਵੀਰਾਂ ਅਤੇ ਵੀਡੀਓ ਪ੍ਰਸਾਰਿਤ ਹੋਣ ਨਾਲ ਸਿਆਸੀ ਵਿਵਾਦ ਖੜ੍ਹਾ ਹੋ ਗਿਆ। ਪੁਲਸ ਮੁਤਾਬਕ ਉਕਤ ਸਿੱਖ ਕੋਲੋਂ ਪਿਸਤੌਲ ਜ਼ਬਤ ਕੀਤੀ ਗਈ ਹੈ। ਉਸ ਦੀ ਪੱਗੜੀ ਝੜਪ ਦੌਰਾਨ ਖ਼ੁਦ ਹੀ ਡਿੱਗ ਗਈ ਸੀ।