ਸ੍ਰੀ ਹਰਿਮੰਦਰ ਸਾਹਿਬ ਸਮੇਤ ਸਾਰੇ ਗੁਰਦੁਆਰਿਆਂ 'ਚ ਲੰਗਰ ਤੋਂ ਹਟਾਈ ਜਾਵੇ GST : ਅਖਿਲੇਸ਼

Sunday, Apr 08, 2018 - 12:58 AM (IST)

ਸ੍ਰੀ ਹਰਿਮੰਦਰ ਸਾਹਿਬ ਸਮੇਤ ਸਾਰੇ ਗੁਰਦੁਆਰਿਆਂ 'ਚ ਲੰਗਰ ਤੋਂ ਹਟਾਈ ਜਾਵੇ GST : ਅਖਿਲੇਸ਼

ਨਵੀਂ ਦਿੱਲੀ/ਅੰਮ੍ਰਿਤਸਰ— ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਯੂ. ਪੀ. ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸ੍ਰੀ ਹਰਿਮੰਦਰ ਸਾਹਿਬ ਅਮ੍ਰਿਤਸਰ ਸਮੇਤ ਸਾਰੇ ਗੁਰਦੁਆਰਿਆਂ 'ਚ ਲੰਗਰ 'ਤੇ ਕੇਂਦਰ ਸਰਕਾਰ ਵਲੋਂ ਲਾਗੂ ਕੀਤੀ ਗਈ ਜੀ. ਐੱਸ. ਟੀ. ਨੂੰ ਤੁਰੰਤ ਹਟਾਉਣ ਦੀ ਮੰਗ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਲੰਗਰਾਂ 'ਤੇ ਜੀ. ਐੱਸ. ਟੀ. ਲਗਾ ਕੇ ਨਿੰਦਣਯੋਗ ਕੰਮ ਕੀਤਾ ਹੈ। ਭਾਜਪਾ ਸਰਕਾਰ ਨੂੰ ਨਾ ਸਿਰਫ ਲੰਗਰ ਸੇਵਾ ਬਲਕਿ ਲੰਗਰ ਦੀ ਖਰੀਦ ਨੂੰ ਵੀ ਜੀ. ਐੱਸ. ਟੀ. ਤੋਂ ਮੁਕਤ ਕਰਨਾ ਚਾਹੀਦਾ ਹੈ। ਧਾਰਮਿਕ ਸਥਾਨਾਂ 'ਚ ਇਸ ਤਰ੍ਹਾਂ ਜਿਥੇ ਸਭ ਲਈ ਭੋਜਨ ਦਾ ਪ੍ਰਬੰਧ ਹੋਵੇ, ਉਥੇ ਜੀ. ਐੱਸ. ਟੀ. ਲਗਾਉਣ ਦਾ ਕੋਈ ਤਰਕ ਨਹੀਂ ਹੈ। 
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਵੈਟ ਵੀ ਮਾਫ ਕਰ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਰਤ ਗਣਤੰਤਰ ਦੇ 70 ਸਾਲਾਂ 'ਚ 11 ਪ੍ਰਧਾਨ ਮੰਤਰੀ ਹੋਏ ਹਨ ਅਤੇ ਕਦੇ ਵੀ ਲੰਗਰ ਸੇਵਾ 'ਤੇ ਕੋਈ ਟੈਕਸ ਨਹੀਂ ਲੱਗਾ ਪਰ ਨਰਿੰਦਰ ਮੋਦੀ 12ਵੇਂ ਅਜਿਹੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਦੇ ਸਮੇਂ 'ਚ ਗੁਰਦੁਆਰਿਆਂ 'ਚ ਲੰਗਰ 'ਤੇ ਜੀ. ਐੱਸ. ਟੀ. ਟੈਕਸ ਲਗਾਇਆ ਗਿਆ ਹੈ।
ਯਾਦਵ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਸਿੱਖਾਂ ਦੇ ਦਰਦ ਅਤੇ ਸਨਮਾਨ ਨਾਲ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ 450 ਸਾਲ ਪਹਿਲਾਂ ਲੰਗਰ ਪ੍ਰਥਾ ਦਾ ਆਰੰਭ ਕੀਤਾ ਸੀ। ਦਰਬਾਰ ਸਾਹਿਬ 'ਚ ਹਰ ਦਿਨ ਲਗਭਗ 80 ਹਜ਼ਾਰ ਤੋਂ ਇਕ ਲੱਖ ਦੀ ਗਿਣਤੀ 'ਚ ਸੰਗਤਾਂ ਰੋਜ਼ ਲੰਗਰ ਛਕਦੀਆਂ ਹਨ ਅਤੇ ਇਹ ਸੇਵਾ 24 ਘੰਟੇ ਚੱਲਦੀ ਹੈ। 
ਉਨ੍ਹਾਂ ਕਿਹਾ ਕਿ 17 ਜੁਲਾਈ ਤੋਂ ਦਸੰਬਰ 2017 ਤਕ ਸਰਕਾਰ ਜੀ. ਐੱਸ. ਟੀ. ਦੇ ਰਾਹੀਂ ਜੋ 2 ਕਰੋੜ ਰੁਪਏ ਟੈਕਸ ਵਸੂਲ ਕਰ ਚੁਕੀ ਹੈ, ਉਸ ਨੂੰ ਵਾਪਸ ਕੀਤਾ ਜਾਵੇ। ਇਸ ਨਾਲ ਸਿੱਖ ਸਮਾਜ 'ਚ ਭਾਰੀ ਰੋਸ਼ ਹੈ। ਕੇਂਦਰ ਸਰਕਾਰ ਨੂੰ ਸਿੱਖ ਸਮਾਜ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਦੇਸ਼ ਭਰ 'ਚ ਲੰਗਰ ਸੇਵਾਵਾਂ ਅਤੇ ਇਸ ਦੇ ਸਮਾਨ ਦੀ ਖਰੀਦ 'ਤੇ ਤੁਰੰਤ ਜੀ. ਐੱਸ. ਟੀ. ਨੂੰ ਖਤਮ ਕਰ ਦੇਣਾ ਚਾਹੀਦਾ ਹੈ।  


Related News