ਸੂਰਤ ''ਚ ਜਬਰੀ ਵਸੂਲੀ ਦੇ ਮਾਮਲੇ ''ਚ ਸ਼੍ਰਵਣ ਜੋਸ਼ੀ ਗ੍ਰਿਫ਼ਤਾਰ ! AAP ਨੇ ਕੀਤੀ ਕਾਰਵਾਈ ਦੀ ਨਿੰਦਾ

Wednesday, Dec 31, 2025 - 10:27 AM (IST)

ਸੂਰਤ ''ਚ ਜਬਰੀ ਵਸੂਲੀ ਦੇ ਮਾਮਲੇ ''ਚ ਸ਼੍ਰਵਣ ਜੋਸ਼ੀ ਗ੍ਰਿਫ਼ਤਾਰ ! AAP ਨੇ ਕੀਤੀ ਕਾਰਵਾਈ ਦੀ ਨਿੰਦਾ

ਨੈਸ਼ਨਲ ਡੈਸਕ- ਗੁਜਰਾਤ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੂਰਤ ਪੁਲਸ ਨੇ ਆਮ ਆਦਮੀ ਪਾਰਟੀ ਦੀ ਯੂਥ ਵਿੰਗ ਦੇ ਜਨਰਲ ਸਕੱਤਰ ਸ਼੍ਰਵਣ ਜੋਸ਼ੀ ਅਤੇ ਉਨ੍ਹਾਂ ਦੇ ਇੱਕ ਸਾਥੀ ਨੂੰ ਰਾਸ਼ਨ ਦੁਕਾਨ ਮਾਲਕਾਂ ਤੋਂ ਜਬਰੀ ਪੈਸੇ ਵਸੂਲਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਸੂਰਤ ਪੁਲਸ ਦੀ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੀ ਟੀਮ ਵੱਲੋਂ ਕੀਤੀ ਗਈ ਹੈ।

ਸ਼ਿਕਾਇਤ ਅਨੁਸਾਰ, ਸ਼੍ਰਵਣ ਜੋਸ਼ੀ ਅਤੇ ਉਸ ਦੇ ਸਾਥੀ ਸੰਪਤ ਚੌਧਰੀ ਨੇ ਸੂਰਤ ਦੇ ਲਿੰਬਾਇਤ ਇਲਾਕੇ ਵਿੱਚ ਇੱਕ ਸਰਕਾਰੀ ਮਾਨਤਾ ਪ੍ਰਾਪਤ ਸਸਤੇ ਅਨਾਜ ਦੀ ਦੁਕਾਨ ਦੇ ਮਾਲਕ ਨੂੰ ਕਾਲਾ ਬਜ਼ਾਰੀ ਕਰਨ ਅਤੇ ਲਾਇਸੰਸ ਰੱਦ ਕਰਵਾਉਣ ਦੀ ਧਮਕੀ ਦਿੱਤੀ ਸੀ। ਮੁਲਜ਼ਮਾਂ ਨੇ ਦੁਕਾਨ 'ਤੇ ਗਾਹਕਾਂ ਨੂੰ ਭੜਕਾਉਣ ਅਤੇ ਮੋਬਾਈਲ ਫ਼ੋਨ ਰਾਹੀਂ ਵੀਡੀਓ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ ਸੀ।

ਜਾਣਕਾਰੀ ਮੁਤਾਬਕ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਲਈ 3.5 ਲੱਖ ਰੁਪਏ ਦਾ ਸੌਦਾ ਤੈਅ ਹੋਇਆ ਸੀ, ਜਿਸ ਵਿੱਚੋਂ 1 ਲੱਖ ਰੁਪਏ ਮੌਕੇ 'ਤੇ ਹੀ ਲੈ ਲਏ ਗਏ ਸਨ। ਪੁਲਸ ਅਧਿਕਾਰੀਆਂ ਅਨੁਸਾਰ ਜਦੋਂ ਦੁਕਾਨਦਾਰ ਨੇ ਪੈਸੇ ਦਿੱਤੇ ਤਾਂ ਸਬੂਤ ਵਜੋਂ ਉਸ ਨੇ ਇਸ ਦੀ ਵੀਡੀਓ ਬਣਾ ਲਈ ਸੀ। ਜਿਸ ਮਗਰੋਂ ਪੁਲਸ ਨੇ ਸ਼੍ਰਵਣ ਜੋਸ਼ੀ, ਸੰਪਤ ਚੌਧਰੀ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੂਰਤ ਸ਼ਹਿਰ ਦੇ ਪ੍ਰਧਾਨ ਧਰਮੇਸ਼ ਭੰਡੇਰੀ ਨੇ ਇਸ ਗ੍ਰਿਫਤਾਰੀ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਸ਼੍ਰਵਣ ਜੋਸ਼ੀ ਸਰਕਾਰ ਦੇ ਭ੍ਰਿਸ਼ਟਾਚਾਰ ਦੀ ਪੋਲ ਖੋਲ੍ਹ ਰਿਹਾ ਸੀ, ਜਿਸ ਕਾਰਨ ਉਸ ਵਿਰੁੱਧ ਇਹ ਸਿਆਸੀ ਕਾਰਵਾਈ ਕੀਤੀ ਗਈ ਹੈ।


author

Harpreet SIngh

Content Editor

Related News