ਕੋਰਟ ਕੰਪਲੈਕਸ ''ਚ ਚੱਲੀਆਂ ਤਾੜ-ਤਾੜ ਗੋਲੀਆਂ, ਮਚੀ ਹਫੜਾ-ਦਫੜੀ
Saturday, Mar 01, 2025 - 02:37 PM (IST)

ਅੰਬਾਲਾ- ਕੋਰਟ ਕੰਪਲੈਕਸ 'ਚ ਅੱਜ ਯਾਨੀ ਕਿ ਸ਼ਨੀਵਾਰ ਨੂੰ ਪੇਸ਼ੀ 'ਤੇ ਆਏ ਨੌਜਵਾਨ 'ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਦੋ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾਈਆਂ, ਜਿਸ ਕਾਰਨ ਇਲਾਕੇ ਵਿਚ ਦਹਿਸ਼ਤ ਫੈਲ ਗਈ। ਪੁਲਸ ਨੇ ਦੱਸਿਆ ਕਿ ਦੋਸ਼ੀ ਕਾਲੇ ਰੰਗ ਦੀ SUV ਵਿਚ ਸਵਾਰ ਹੋ ਕੇ ਆਏ ਸਨ ਅਤੇ ਉਨ੍ਹਾਂ ਨੇ ਹਵਾ 'ਚ ਫਾਇਰ ਕੀਤੇ। ਗੋਲੀਆਂ ਚਲਾਉਣ ਮਗਰੋਂ ਉਹ ਮੌਕੇ ਤੋਂ ਫਰਾਰ ਹੋ ਗਏ। ਗਨੀਮਤ ਇਹ ਰਹੀ ਕਿ ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ ਹੈ। ਪੁਲਸ ਨੇ ਮੌਕੇ ਤੋਂ ਤਿੰਨ ਖੋਖੇ ਬਰਾਮਦ ਕੀਤੇ ਹਨ। ਪੁਲਸ ਨੇ ਦੱਸਿਆ ਕਿ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸੀ. ਸੀ. ਟੀ. ਵੀ. ਫੁਟੇਜ਼ ਖੰਗਾਲੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਸਾਰਾ ਮਾਮਲਾ ਅੰਬਾਲਾ ਕੋਰਟ ਕੰਪਲੈਕਸ ਦਾ ਹੈ। ਦਰਅਸਲ ਅੱਜ ਸਵੇਰੇ ਅਮਨ ਸੋਨਕਰ ਨਾਂ ਦਾ ਨੌਜਵਾਨ ਅਦਾਲਤ ਵਿਚ ਪੇਸ਼ੀ ਲਈ ਆਇਆ ਸੀ। ਜਦੋਂ ਅਮਨ ਕਚਹਿਰੀ ਦੇ ਗੇਟ ਨੇੜੇ ਪਹੁੰਚਿਆ ਤਾਂ ਕਾਲੇ ਰੰਗ ਦੀ SUV 'ਚ ਸਵਾਰ ਦੋ ਨੌਜਵਾਨ ਉਥੇ ਆ ਗਏ। ਦੋਸ਼ੀਆਂ ਨੇ ਅਮਨ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਇਸ ਤੋਂ ਬਾਅਦ ਦੋਸ਼ੀਆਂ ਨੇ ਹਵਾ ਵਿਚ ਦੋ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦਾ ਪਤਾ ਲੱਗਦਿਆਂ ਹੀ DSP ਰਜਤ ਗੁਲੀਆ ਪੁਲਸ ਟੀਮ ਨਾਲ ਮੌਕੇ ’ਤੇ ਪੁੱਜੇ।
ਅੰਬਾਲਾ ਅਦਾਲਤ ਵਿਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਪੁਲਸ ਨੂੰ ਦੱਸਿਆ ਕਿ ਹਮਲਾ ਕਰਨ ਵਾਲੇ ਦੋ ਨੌਜਵਾਨ ਸਨ, ਜਿਨ੍ਹਾਂ ਵਿਚੋਂ ਇਕ ਦੇ ਹੱਥ ਵਿਚ ਪਿਸਤੌਲ ਸੀ। ਹਮਲਾ ਕਰਨ ਤੋਂ ਬਾਅਦ ਦੋਸ਼ੀ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਅਦਾਲਤ ਦੇ ਚਾਰੇ ਪਾਸੇ ਪੁਲਸ ਫੋਰਸ ਵੀ ਤਾਇਨਾਤ ਕਰ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।