ਸ਼ੋਪੀਆਂ ਫਰਜ਼ੀ ਮੁਕਾਬਲਾ : ਫੌਜ ਦੇ ਕੈਪਟਨ ਨੇ ਹਥਿਆਰਾਂ ਦੀ ਬਰਾਮਦਗੀ ਬਾਰੇ ਪੁਲਸ ਨੂੰ ਦਿੱਤੀ ਗਲਤ ਜਾਣਕਾਰੀ
Sunday, Jan 24, 2021 - 10:26 PM (IST)

ਸ਼੍ਰੀਨਗਰ (ਅਰੀਜ਼)- ਫੌਜ ਦੇ ਇਕ ਕੈਪਟਨ ਅਤੇ ਗ੍ਰਿਫਤਾਰ ਕੀਤੇ ਗਏ ਦੋ ਨਾਗਰਿਕਾਂ ਨੇ ਅਮਸ਼ੀਪੋਰਾ ਸ਼ੋਪੀਆਂ ਦੇ ਫਰਜ਼ੀ ਮੁਕਾਬਲੇ ਦੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ।
ਜੰਮੂ-ਕਸ਼ਮੀਰ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਦੀ ਚਾਰਜਸ਼ੀਟ ਮੁਤਾਬਕ ਕੈਪਟਨ ਭੁਪਿੰਦਰ ਸਿੰਘ ਨੇ ਮੁਕਾਬਲੇ ਦੌਰਾਨ ਹਥਿਆਰਾਂ ਦੀ ਬਰਾਮਦਗੀ ਬਾਰੇ ਆਪਣੇ ਸੀਨੀਅਰ ਸਾਥੀਆਂ ਅਤੇ ਪੁਲਸ ਨੂੰ ਗਲਤ ਜਾਣਕਾਰੀ ਦਿੱਤੀ ਸੀ। ਚਾਰਜਸ਼ੀਟ ਮੁਤਾਬਕ ਭੁਪਿੰਦਰ ਸਿੰਘ ਨੇ ਦੋ ਹੋਰਨਾਂ ਮੁਲਜ਼ਮਾਂ ਨਾਲ ਮਿਲ ਕੇ ਮੁਕਾਬਲੇ ਵਾਲੀ ਥਾਂ ਨੂੰ ਅੱਗ ਲਾ ਦਿੱਤੀ ਸੀ। ਉਹ ਦੋ ਮੋਬਾਇਲ ਨੰਬਰਾਂ ਰਾਹੀਂ ਐੱਸ. ਓ. ਜੀ. ਨਾਲ ਤਾਇਨਾਤ ਐੱਸ. ਪੀ. ਓ. ਫਯਾਜ਼ ਅਹਿਮਦ ਦੇ ਸੰਪਰਕ ਵਿਚ ਸੀ। ਅਹਿਮਦ ਜੋ ਜੰਮੂ ਦੇ ਪੁੰਛ ਦਾ ਰਹਿਣ ਵਾਲਾ ਹੈ, ਇਸ ਮਾਮਲੇ 'ਚ ਇਕ ਗਵਾਹ ਹੈ। ਭੁਪਿੰਦਰ ਨੇ ਅਹਿਮਦ ਨਾਲ ਹਥਿਆਰਾਂ ਦੀ ਵਿਵਸਥਾ ਕਰਨ ਲਈ ਸੰਪਰਕ ਕੀਤਾ ਸੀ। ਅਹਿਮਦ ਨੇ ਮੈਜਿਸਟ੍ਰੇਟ ਦੇ ਸਾਹਮਣੇ ਧਾਰਾ 164 ਸੀ. ਆਰ. ਪੀ. ਸੀ. ਅਧੀਨ ਆਪਣਾ ਬਿਆਨ ਦਿੱਤਾ।
ਦੱਸਣਯੋਗ ਹੈ ਕਿ 18 ਜੁਲਾਈ 2020 ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਦੇ ਅਮਸ਼ੀਪੋਰਾ ਇਲਾਕੇ ਵਿਚ ਸੁਰੱਖਿਆ ਫੋਰਸਾਂ ਨੇ ਇਕ ਮੁਕਾਬਲੇ ਦੌਰਾਨ ਤਿੰਨ ਅੱਤਵਾਦੀਆਂ ਨੂੰ ਢੇਰ ਕਰਨ ਦਾ ਦਾਅਵਾ ਕੀਤਾ ਸੀ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਪਿੱਛੋਂ ਰਾਜੌਰੀ ਦੇ 3 ਪਰਿਵਾਰਾਂ ਨੇ ਦਾਅਵਾ ਕੀਤਾ ਕਿ ਉਹ ਅੱਤਵਾਦੀ ਨਹੀਂ ਸਨ ਸਗੋਂ ਉਨ੍ਹਾਂ ਦੇ ਬੇਟੇ ਸਨ। ਉਹ ਆਪਣੇ ਕੰਮ ਲਈ ਕਸ਼ਮੀਰ ਗਏ ਸਨ। ਮਾਮਲੇ ਦੀ ਜਾਂਚ ਪਿੱਛੋਂ ਇਹ ਗੱਲ ਵੇਖੀ ਗਈ ਕਿ ਤਿੰਨੋਂ ਨੌਜਵਾਨ ਅੱਤਵਾਦੀ ਨਹੀਂ ਸਗੋਂ ਰਾਜੌਰੀ ਦੇ ਮਜ਼ਦੂਰ ਸਨ। ਉਨ੍ਹਾਂ ਦੀ ਪਛਾਣ ਇਮਤਿਆਜ਼ ਅਹਿਮਦ, ਅਬਰਾਰ ਅਹਿਮਦ ਅਤੇ ਮੁਹੰਮਦ ਇਬਰਾਰ ਵਜੋਂ ਹੋਈ ਸੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।