ਦੋ ਗੁੱਟਾਂ ਵਿਚਾਲੇ ਹੋਈ ਗੋਲੀਬਾਰੀ, ਇੱਕ ਨੌਜਵਾਨ ਦੀ ਹੋਈ ਮੌਤ ਤੇ ਇੱਕ ਜ਼ਖ਼ਮੀ
Sunday, Sep 22, 2024 - 10:00 PM (IST)
ਜੈਪੁਰ — ਰਾਜਸਥਾਨ ਦੇ ਅਜਮੇਰ ਜ਼ਿਲੇ 'ਚ ਐਤਵਾਰ ਨੂੰ ਇਕ ਦੁਕਾਨ ਦੇ ਨਿਰਮਾਣ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਹੋਈ ਹਿੰਸਕ ਝੜਪ ਅਤੇ ਗੋਲੀਬਾਰੀ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਵਧੀਕ ਪੁਲਸ ਸੁਪਰਡੈਂਟ (ਅਜਮੇਰ ਦਿਹਾਤੀ) ਦੀਪਕ ਕੁਮਾਰ ਨੇ ਦੱਸਿਆ ਕਿ ਇੱਕ ਦੁਕਾਨ ਦੀ ਉਸਾਰੀ ਨੂੰ ਲੈ ਕੇ ਦੋ ਗੁੱਟਾਂ ਵਿੱਚ ਝਗੜਾ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਦੋ ਗੁੱਟਾਂ ਵਿਚਕਾਰ ਲਾਠੀਆਂ ਨਾਲ ਹਮਲਾ ਹੋਇਆ ਅਤੇ ਇੱਕ ਪਾਸਿਓਂ ਗੋਲੀ ਚੱਲ ਗਈ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਸ ਦੌਰਾਨ ਵਾਹਨਾਂ ਦੀ ਭੰਨਤੋੜ ਕੀਤੀ ਗਈ ਅਤੇ ਇੱਕ ਜੇ.ਸੀ.ਬੀ. ਮਸ਼ੀਨ ਨੂੰ ਅੱਗ ਲਗਾ ਦਿੱਤੀ ਗਈ। ਅਧਿਕਾਰੀ ਨੇ ਦੱਸਿਆ ਕਿ ਗੋਲੀ ਲੱਗਣ ਕਾਰਨ ਸ਼ਕੀਲ ਲੰਗਾ ਦੀ ਮੌਤ ਹੋ ਗਈ ਜਦਕਿ ਜ਼ਖਮੀ ਨਰਾਇਣ ਕੁਮਾਵਤ (32) ਨੂੰ ਅਜਮੇਰ ਭੇਜ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਘਟਨਾ ਵਾਲੀ ਥਾਂ 'ਤੇ ਵਾਧੂ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਕਾਂਗਰਸੀ ਆਗੂਆਂ ਨੇ ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਰਾਜਸਥਾਨ 'ਚ ਕਾਨੂੰਨ ਵਿਵਸਥਾ ਵਿਗੜ ਗਈ ਹੈ। ਕਾਂਗਰਸ ਦੀ ਸੂਬਾ ਇਕਾਈ ਦੇ ਪ੍ਰਧਾਨ ਅਤੇ ਰਾਜਸਥਾਨ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਟਿਕਰਾਮ ਜੂਲੀ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
ਗੋਵਿੰਦ ਸਿੰਘ ਦੋਤਸਰਾ ਨੇ ਕਿਹਾ ਕਿ ਰੂਪਨਗੜ੍ਹ ਵਿੱਚ ਸ਼ਰੇਆਮ ਗੋਲੀਬਾਰੀ, ਕਤਲ ਅਤੇ ਗੁੰਡਾਗਰਦੀ ਦੀਆਂ ਇਹ ਤਸਵੀਰਾਂ ਸੂਬੇ ਦੀ ਬੇਲਗਾਮ ਅਤੇ ਟੁੱਟੀ ਹੋਈ ਅਮਨ ਕਾਨੂੰਨ ਦੀ ਸਥਿਤੀ ਦਾ ਸਬੂਤ ਹਨ। ਉਨ੍ਹਾਂ ਕਿਹਾ ਕਿ ਪੂਰੀ ਤਰ੍ਹਾਂ ਨਾਲ ਵਿਗੜ ਚੁੱਕੀ ਕਾਨੂੰਨ ਵਿਵਸਥਾ ਕਾਰਨ ਰਾਜਸਥਾਨ ਸਭ ਤੋਂ ਅਸੁਰੱਖਿਅਤ ਸੂਬਾ ਬਣਦਾ ਜਾ ਰਿਹਾ ਹੈ ਅਤੇ ਕਮਜ਼ੋਰ ਭਾਜਪਾ ਸਰਕਾਰ ਸੌਂ ਰਹੀ ਹੈ।
ਜੂਲੀ ਨੇ ਕਿਹਾ, “ਆਮ ਪਿੰਡ ਵਾਸੀ, ਗਰੀਬ ਅਤੇ ਕਾਰੋਬਾਰੀ ਹੁਣ ਅਸੁਰੱਖਿਆ ਅਤੇ ਡਰ ਦੇ ਸਾਏ ਹੇਠ ਰਹਿਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੇਂਦਰੀ ਮੰਤਰੀ, ਰਾਜ ਦੇ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਦੇ ਸਪੀਕਰ ਦੇ ਜ਼ਿਲ੍ਹੇ ਦੀ ਇਹ ਹਾਲਤ ਹੈ ਤਾਂ ਜਨਤਾ ਹੋਰ ਥਾਵਾਂ ਦੀ ਹਾਲਤ ਦਾ ਅੰਦਾਜ਼ਾ ਲਗਾ ਸਕਦੀ ਹੈ ਅਜਿਹੀਆਂ ਹਰਕਤਾਂ ਨੂੰ ਰੋਕਣ ਲਈ ਗੁੰਡਾਗਰਦੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਸੂਬੇ ਵਿੱਚ ਕਾਨੂੰਨ ਦਾ ਰਾਜ ਕਾਇਮ ਹੋ ਸਕੇ।