ਸ਼ਿਵਰਾਜ ਸਿੰਘ ਦਾ ਐਲਾਨ- ਪੱਤਰਕਾਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਕੋਰੋਨਾ ਦਾ ਇਲਾਜ ਕਰਵਾਏਗੀ MP ਸਰਕਾਰ
Friday, May 14, 2021 - 06:12 PM (IST)
ਭੋਪਾਲ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸੂਬੇ ਦੇ ਮਾਨਤਾ ਪ੍ਰਾਪਤ ਅਤੇ ਗੈਰ-ਮਾਨਤਾ ਪ੍ਰਾਪਤ ਪੱਤਰਕਾਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਕੋਰੋਨਾ ਦਾ ਇਲਾਜ ਪ੍ਰਦੇਸ਼ ਸਰਕਾਰ ਕਰਵਾਏਗੀ। ਚੌਹਾਨ ਨੇ ਟਵੀਟ ਕੀਤਾ,''ਅੱਜ ਮੈਂ ਸਾਡੇ ਪੱਤਰਕਾਰ ਸਾਥੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਹਿੱਤ 'ਚ ਇਕ ਮਹੱਤਵਪੂਰਨ ਫ਼ੈਸਲਾ ਲਿਆ ਹੈ। ਪੱਤਰਕਾਰ ਸਾਥੀਆਂ ਦਾ ਕੋਵਿਡ-19 ਦਾ ਇਲਾਜ ਪ੍ਰਦੇਸ਼ ਸਰਕਾਰ ਕਰਵਾਏਗੀ। ਪ੍ਰਿੰਟ, ਇਲੈਕਟ੍ਰਾਨਿਕ ਅਤੇ ਡਿਜ਼ੀਟਲ ਮੀਡੀਆ ਦੇ ਸਾਰੇ ਮਾਨਤਾ ਪ੍ਰਾਪਤ ਅਤੇ ਗੈਰ ਮਾਨਤਾ ਪ੍ਰਾਪਤ ਪੱਤਰਕਾਰ ਸਾਥੀਆਂ ਦਾ ਕੋਰੋਨਾ ਵਾਇਰਸ ਸੰਕਰਮਣ ਦੇ ਇਲਾਜ ਦੀ ਚਿੰਤਾ ਹੁਣ ਸਰਕਾਰ ਕਰੇਗੀ।''
ਉਨ੍ਹਾਂ ਨੇ ਅੱਗੇ ਕਿਹਾ,''ਇਸ ਯੋਜਨਾ 'ਚ ਪ੍ਰਿੰਟ, ਇਲੈਕਟ੍ਰਾਨਿਕ ਅਤੇ ਡਿਜ਼ੀਟਲ ਮੀਡੀਆ ਦੇ ਸੰਪਾਦਕੀ ਵਿਭਾਗ 'ਚ ਕੰਮ ਕਰ ਰਹੇ ਸਾਰੇ ਪੱਤਰਕਾਰ, ਡੈਸਕ 'ਚ ਤਾਇਨਾਤ ਪੱਤਰਕਾਰ ਸਾਥੀ, ਕੈਮਰਾਮੈਨ ਆਦਿ ਨੂੰ ਕਵਰ ਕੀਤਾ ਜਾਵੇਗਾ। ਨਾਲ ਹੀ ਮੀਡੀਆ ਕਰਮੀਆਂ ਦੇ ਪਰਿਵਾਰ ਦੇ ਮੈਂਬਰਾਂ ਦੇ ਕੋਰੋਨਾ ਇਲਾਜ ਦੀ ਚਿੰਤਾ ਵੀ ਸਰਕਾਰ ਕਰੇਗੀ।'' ਚੌਹਾਨ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਜਨਤਾ ਤੱਕ ਜਾਣਕਾਰੀਆਂ ਪਹੁੰਚਾਉਂਦੇ-ਪਹੁੰਚਾਉਂਦੇ ਆਪਣੀ ਪੱਤਰਕਾਰੀ ਦਾ ਧਰਮ ਨਿਭਾਉਂਦੇ-ਨਿਭਾਉਂਦੇ ਕਈ ਸਾਡੇ ਪੱਤਰਕਾਰ ਸਾਥੀ ਵੀ ਪੀੜਤ ਹੋਏ ਹਨ ਅਤੇ ਕੁਝ ਦਾ ਦੁਖ਼ਦ ਦਿਹਾਂਤ ਵੀ ਹੋਇਆ ਹੈ।