ਮਿਸ਼ਨ 2022: ਸ਼ਿਵਪਾਲ ਸਿੰਘ ਬੋਲੇ- ਸਪਾ-ਪ੍ਰਸਪਾ ਵਿਚਾਲੇ ਹੋਵੇਗਾ ਗਠਜੋੜ, ਮਿਲਕੇ ਲੜਨਗੇ ਚੋਣ
Friday, Nov 20, 2020 - 12:58 AM (IST)
ਨਵੀਂ ਦਿੱਲੀ - ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ (ਪ੍ਰਸਪਾ) ਦੇ ਪ੍ਰਧਾਨ ਅਤੇ ਮੁਲਾਇਮ ਸਿੰਘ ਯਾਦਵ ਦੇ ਛੋਟੇ ਭਰਾ ਸ਼ਿਵਪਾਲ ਸਿੰਘ ਯਾਦਵ ਨੇ ਇੱਕ ਵਾਰ ਫਿਰ ਪਰਿਵਾਰ ਦੇ ਕਰੀਬ ਜਾਣ ਦੇ ਸੰਕੇਤ ਦਿੱਤੇ ਹਨ। ਵੀਰਵਾਰ ਦੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਸਾਲ 2022 ਦੀਆਂ ਚੋਣਾਂ 'ਚ ਸਤਿਕਾਰਯੋਗ ਸੀਟਾਂ ਮਿਲਣ 'ਤੇ ਸਮਾਜਵਾਦੀ ਪਾਰਟੀ (ਸਪਾ) ਦੇ ਨਾਲ ਗਠਜੋੜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ਼ਿਵਪਾਲ ਸਿੰਘ ਨੇ ਹੋਰ ਪਾਰਟੀਆਂ ਨਾਲ ਵੀ ਅਲਾਇੰਸ ਕਰਨ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਅੱਜ ਹੀ ਸ਼ਿਵਪਾਲ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਸਪਾ ਨਾਲ ਤਾਂ ਕੀ ਕਿਸੇ ਵੀ ਦਲ ਨਾਲ ਗਠਜੋੜ ਨਹੀਂ ਕਰੇਗੀ, ਹਾਲਾਂਕਿ ਇਸ ਦੇ ਕੁੱਝ ਘੰਟੇ ਬਾਅਦ ਹੀ ਉਹ ਆਪਣੇ ਬਿਆਨ ਤੋਂ ਪਲਟ ਗਏ।
We will forge an alliance with Samajwadi Party to defeat the BJP in the 2022 Assembly election: Pragatisheel Samajwadi Party (Lohiya) chief Shivpal Yadav pic.twitter.com/RUW8nU9ZMe
— ANI UP (@ANINewsUP) November 19, 2020
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ 'ਚ ਸਾਲ 2022 ਦੇ ਵਿਧਾਨਸਭਾ ਚੋਣ ਦੀ ਪਲਾਨਿੰਗ ਹੁਣੇ ਤੋਂ ਸ਼ੁਰੂ ਹੋ ਗਈ ਹੈ। ਰਾਜਨੀਤੀ 'ਚ ਆਏ ਇਸ ਉਬਾਲ ਨਾਲ ਹੁਣ ਯੂ.ਪੀ. ਦੀ ਯੋਗੀ ਸਰਕਾਰ 'ਤੇ ਵੀ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਅਗਲੀਆਂ ਵਿਧਾਨਸਭਾ ਚੋਣਾਂ ਨੂੰ ਦੇਖਦੇ ਹੋਏ ਸੂਬੇ ਦੀਆਂ ਪਾਰਟੀਆਂ ਨੇ ਹੁਣੇ ਤੋਂ ਭਾਰਤੀ ਜਨਤਾ ਪਾਰਟੀ (ਬੀਜੇਪੀ) ਖ਼ਿਲਾਫ਼ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਨੂੰ ਸਪਾ ਨਾਲ ਗਠਜੋੜ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਸ਼ਿਵਪਾਲ ਸਿੰਘ ਯਾਦਵ ਨੇ ਕਿਹਾ, ਅਸੀਂ 2022 ਦੀਆਂ ਵਿਧਾਨਸਭਾ ਚੋਣਾਂ 'ਚ ਭਾਜਪਾ ਨੂੰ ਹਰਾਉਨ ਲਈ ਸਮਾਜਵਾਦੀ ਪਾਰਟੀ ਨਾਲ ਗਠਜੋੜ ਕਰਾਂਗੇ। ਸਾਡਾ ਸੰਗਠਨ 75 ਜ਼ਿਲ੍ਹਿਆਂ 'ਚ ਪੂਰੀ ਤਰ੍ਹਾਂ ਤਿਆਰ ਹੈ। ਸਾਡੀ ਪਹਿਲ ਸਮਾਜਵਾਦੀ ਪਾਰਟੀ ਹੈ ਪਰ ਹੋਰ ਪਾਰਟੀਆਂ ਦੇ ਨਾਲ ਵੀ ਅਸੀਂ ਗਠਜੋੜ ਕਰਾਂਗੇ।