ਸ਼ਿਵ ਸੈਨਾ ਨੇ ਪ੍ਰਦੇਸ਼ ਭਾਜਪਾ ਨੂੰ ਕੀਤੇ ਸਖਤ ਸਵਾਲ
Thursday, Jun 11, 2020 - 10:05 PM (IST)
ਮੁੰਬਈ - ਰਾਕਾਂਪਾ ਪ੍ਰਧਾਨ ਸ਼ਰਦ ਪਵਾਰ ਨੇ ਪਿਛਲੇ 2 ਦਿਨਾਂ ਵਿਚ ਰਾਇਗੜ੍ਹ ਅਤੇ ਕੋਂਕਣ ਖੇਤਰ ਦੇ ਕਈ ਹਿੱਸਿਆਂ ਦਾ ਦੌਰਾ ਕਰ ਪਿਛਲੇ ਹਫਤੇ ਆਏ ਤੂਫਾਨ ਨਿਸਰਗ ਤੋਂ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਪਵਾਰ ਦੇ ਦੌਰੇ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਉਨ੍ਹਾਂ ਦੇ ਦੌਰੇ 'ਤੇ ਸਵਾਲ ਖੜ੍ਹਾ ਕਰਦੇ ਹੋਏ ਪੁੱਛਿਆ ਕਿ ਪਵਾਰ ਹੁਣ ਕਿਉਂ ਜਾਗੇ ਹਨ?
ਪਵਾਰ ਦੇ ਇਸ ਦੌਰੇ ਦੀ ਆਲੋਚਨਾ ਲਈ ਸ਼ਿਵ ਸੈਨਾ ਨੇ ਐਤਵਾਰ ਨੂੰ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਿਆ। ਸ਼ਿਵ ਸੈਨਾ ਦੇ ਮੁੱਖ ਪੱਤਰ 'ਸਾਮਨਾ' ਦੀ ਸੰਪਾਦਕੀ ਵਿਚ ਲਿੱਖਿਆ ਗਿਆ ਹੈ ਕਿ ਪਵਾਰ ਹਮੇਸ਼ਾ ਜਾਗੇ ਰਹਿੰਦੇ ਹਨ ਅਤੇ ਇਸ ਲਈ ਉਨ੍ਹਾਂ ਦੀ ਸਿਆਸੀ ਸਮਾਂ-ਗਣਨਾ ਹਮੇਸ਼ਾ ਸਹੀ ਹੁੰਦੀ ਹੈ। 6 ਮਹੀਨੇ ਪਹਿਲਾਂ ਭਾਜਪਾ ਨੇਤਾ ਅੱਧੀ ਰਾਤ ਨੂੰ ਜਾਗੇ ਸਨ ਅਤੇ ਸਵੇਰੇ-ਸਵੇਰੇ ਸਹੁੰ ਚੁੱਕ ਸਮਾਗਮ ਹੋ ਗਿਆ ਸੀ, ਪਰ ਪਵਾਰ ਨੇ 2 ਦਿਨ ਵਿਚ ਸ਼ਹਿ-ਮਾਤ ਦੇ ਦਿੱਤੀ। ਜਦ ਮਹਾਰਾਸ਼ਟਰ ਕੋਵਿਡ-19 ਅਤੇ ਨਿਸਰਗ ਤੂਫਾਨ ਨਾਲ ਨਜਿੱਠ ਰਿਹਾ ਹੈ, ਅਜਿਹੇ ਵਿਚ ਭਾਜਪਾ ਦੀ ਸਿਆਸਤ ਕਰਨ ਦੀ ਕੋਸ਼ਿਸ਼ ਘਿਣਾਉਣੀ ਹੈ। ਸ਼ਿਵ ਸੈਨਾ ਨੇ ਪੁੱਛਿਆ ਕਿ ਕੇਂਦਰ ਸਰਕਾਰ ਨੇ ਚੱਕਰਵਾਤੀ ਤੂਫਾਨ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਰਾਜ ਨੂੰ ਕੋਈ ਮਦਦ ਕਿਉਂ ਨਹੀਂ ਦਿੱਤੀ?
ਸ਼ਿਵ ਸੈਨਾ ਨੇ ਲਿੱਖਿਆ ਕਿ ਪਵਾਰ ਦੇ ਜਾਗਣ ਤੋਂ ਵੱਡਾ ਸਵਾਲ ਇਸ ਗੱਲ ਦਾ ਹੈ ਕੀ ਕੇਂਦਰ ਸਰਕਾਰ ਰਾਜ ਦੇ ਸਾਹਮਣੇ ਮੌਜੂਦ ਸੰਕਟ ਨੂੰ ਲੈ ਕੇ ਜਾਗੀ ਹੋਈ ਹੈ ? ਕੀ ਚੰਦਰਕਾਂਤ ਪਾਟਿਲ ਨੇ ਕੇਂਦਰ ਸਰਕਾਰ ਨੂੰ ਜਗਾਇਆ ? ਪੱਛਮੀ ਬੰਗਾਲ ਵਿਚ ਚੋਣਾਂ ਆਉਣ ਵਾਲੀਆਂ ਹਨ, ਇਸ ਲਈ ਕੇਂਦਰ ਦਖਲਅੰਦਾਜ਼ੀ ਕਰ ਰਹੀ ਹੈ। ਮਹਾਰਾਸ਼ਟਰ ਵਿਚ ਮੌਜੂਦ ਵਿਧਾਨ ਸਭਾ ਦੇ ਖਤਮ ਹੋਣ (2024 ਵਿਚ) ਤੋਂ ਪਹਿਲਾਂ ਚੋਣਾਂ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਸਪੱਸ਼ਟ ਹੈ ਕਿ ਭਾਜਪਾ ਨਹੀਂ ਜਾਗੇਗੀ।