ਹਿਮਾਚਲ ਦੀ ‘ਚੰਦਰਾ ਘਾਟੀ’ ’ਚ ਬਰਫੀਲਾ ਤੂਫਾਨ
Wednesday, Feb 05, 2025 - 01:07 AM (IST)
ਮਨਾਲੀ, (ਸੋਨੂੰ)- ਹਿਮਾਚਲ ’ਚ ਮੰਗਲਵਾਰ ਮੌਸਮ ਅਚਾਨਕ ਬਦਲ ਗਿਆ। ਲਾਹੌਲ-ਸਪਿਤੀ ’ਚ 2 ਇੰਚ ਬਰਫ਼ਬਾਰੀ ਹੋਈ । ਰੋਹਤਾਂਗ ਦੱਰੇ ਦੇ ਨਾਲ ਸ਼ਿੰਕੁਲਾ, ਬਾਰਾਲਾਚਾ ਤੇ ਕੁੰਜ਼ਮ ’ਚ ਸਾਰਾ ਦਿਨ ਬਰਫ਼ਬਾਰੀ ਹੁੰਦੀ ਰਹੀ। ਅਟਲ ਸੁਰੰਗ ਦੇ ਦੋਵਾਂ ਸਿਰਿਆਂ ’ਤੇ ਬਰਫ਼ ਪਈ ਹੈ। ਲਾਹੌਲ ਦੀ ਚੰਦਰਾ ਘਾਟੀ ’ਚ ਦੇਰ ਰਾਤ ਬਰਫ਼ੀਲਾ ਤੂਫਾਨ ਆਇਆ।
ਰੋਹਤਾਂਗ ਦੀਆਂ ਪਹਾੜੀਆਂ ਦੇ ਨਾਲ-ਨਾਲ ਹਨੂੰਮਾਨ ਟਿੱਬਾ, ਮਕਰਵੇਦ, ਸ਼ਿਕਾਰਵੇਦ, ਇੰਦਰਾਕਿਲਾ, ਚੰਦਰਖਾਨੀ, ਹਮਤਾ ਢੂੰਢੀ, ਭ੍ਰਿਗੂ ਤੇ ਦਸ਼ੌਹਰ ’ਚ ਬਰਫ਼ ਪਈ। ਰੋਹਤਾਂਗ ਦੇ ਦੂਜੇ ਪਾਸੇ ਲੇਡੀ ਆਫ਼ ਕੀਲੋਂਗ, ਨੀਲਕੰਠ ਹਿਲਜ਼, ਚੰਦਰਤਾਲ ਤੇ ਨਾਲ ਲਗਦੇ ਇਲਾਕਿਆਂ ’ਚ ਵੀ ਬਰਫ਼ਬਾਰੀ ਹੋਈ। ਲਾਹੌਲ-ਸਪਿਤੀ ’ਚ ਹਲਕੀ ਬਰਫ਼ਬਾਰੀ ਦੇ ਬਾਵਜੂਦ ਵਾਹਨਾਂ ਦੀ ਆਵਾਜਾਈ ਸੁਚਾਰੂ ਰਹੀ।
ਜ਼ਿਲੇ ਦਾ ਤਾਬੋ ਸਭ ਤੋਂ ਠੰਢਾ ਇਲਾਕਾ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ ਮਨਫ਼ੀ 7.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕੁੱਲੂ ਜ਼ਿਲੇ ਦੇ ਭੁੰਤਰ ’ਚ ਸੋਮਵਾਰ ਦੁਪਹਿਰ ਵੇਲੇ 25.2 ਡਿਗਰੀ ਸੈਲਸੀਅਸ ਤਾਪਮਾਨ ਸੀ ਤੇ ਇਹ ਸਭ ਤੋਂ ‘ਗਰਮ’ ਸੀ।