ਹਾਈਵੇਅ ''ਤੇ ਬਜਰੀ ਨਾਲ ਭਰਿਆ ਟਿੱਪਰ ਖੱਡ ''ਚ ਡਿੱਗਿਆ, ਡਰਾਈਵਰ ਦੀ ਮੌਤ
Thursday, Apr 17, 2025 - 03:31 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਘਨਾਹਟੀ ਅਤੇ ਬਨੂਟੀ ਵਿਚਾਲੇ ਸ਼ਿਮਲਾ-ਬਿਲਾਸਪੁਰ ਨੈਸ਼ਨਲ ਹਾਈਵੇਅ 'ਤੇ ਇਕ ਗੰਭੀਰ ਹਾਦਸਾ ਵਾਪਰਿਆ। ਇੱਥੇ ਬਜਰੀ ਨਾਲ ਭਰਿਆ ਟਿੱਪਰ ਅਚਾਨਕ ਖੱਡ 'ਚ ਡਿੱਗ ਗਿਆ, ਜਿਸ ਕਾਰਨ ਟਿੱਪਰ ਡਰਾਈਵਰ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਟਿੱਪਰ ਡਰਾਈਵਰ ਘਨਾਹਟੀ ਤੋਂ ਬਨੂਟੀ ਵੱਲ ਜਾ ਰਿਹਾ ਸੀ। ਅਚਾਨਕ ਗੱਡੀ ਤੋਂ ਕੰਟਰੋਲ ਗੁਆ ਦੇਣ ਕਾਰਨ ਟਿੱਪਰ ਸੜਕ ਤੋਂ ਹੇਠਾਂ ਡਿੱਗ ਗਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ। ਮ੍ਰਿਤਕ ਡਰਾਈਵਰ ਦੀ ਪਛਾਣ 22 ਸਾਲਾ ਰਾਹੁਲ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸ਼ਿਮਲਾ ਦੇ ਆਈ. ਜੀ. ਐੱਮ. ਸੀ. ਹਸਪਤਾਲ ਭੇਜਿਆ ਹੈ।
ਸ਼ੁਰੂਆਤੀ ਜਾਂਚ ਮੁਤਾਬਕ ਡਰਾਈਵਰ ਨੇ ਅਚਾਨਕ ਗੱਡੀ ਤੋਂ ਕੰਟਰੋਲ ਗੁਆ ਦਿੱਤਾ, ਜਿਸ ਨਾਲ ਇਹ ਹਾਦਸਾ ਹੋਇਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਘਟਨਾ ਵਾਲੀ ਥਾਂ ਤੋਂ ਵੱਖ-ਵੱਖ ਸਬੂਤ ਇਕੱਠੇ ਕੀਤੇ ਹਨ। ਇਹ ਹਾਦਸਾ ਜ਼ਿਲ੍ਹੇ ਦੇ ਇਕ ਰੁੱਝੇ ਮਾਰਗ 'ਤੇ ਵਾਪਰਿਆ। ਦੂਜੇ ਪਾਸੇ ਸਥਾਨਕ ਲੋਕ ਅਤੇ ਯਾਤਰੀਆਂ ਨੇ ਸੜਕ ਸੁਰੱਖਿਆ ਮਾਪਦੰਡਾਂ ਦੀ ਸਮੀਖਿਆ ਕਰਨ ਦੀ ਜ਼ਰੂਰਤ ਜਤਾਈ ਹੈ, ਤਾਂ ਕਿ ਭਵਿੱਖ ਵਿਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।