ਗ੍ਰਹਿ ਮੰਤਰੀ ਦੇ ਅਹੁਦੇ ਦੀ ਮਾਣ-ਮਰਿਆਦਾ ਨੂੰ ਸ਼ਾਹ ਬਣਾਈ ਰੱਖਣ : ਪਵਾਰ
Wednesday, Jan 15, 2025 - 12:50 AM (IST)
ਮੁੰਬਈ, (ਭਾਸ਼ਾ)- ਸਾਬਕਾ ਕੇਂਦਰੀ ਮੰਤਰੀ ਸ਼ਰਦ ਪਵਾਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਉਸ ਟਿੱਪਣੀ ਦੀ ਮੰਗਲਵਾਰ ਆਲੋਚਨਾ ਕੀਤੀ ਜਿਸ ’ਚ ਉਨ੍ਹਾਂ ਕਿਹਾ ਸੀ ਕਿ 20 ਨਵੰਬਰ ਨੂੰ ਹੋਈਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਨੇ ਪਵਾਰ ਵੱਲੋਂ 1978 ’ਚ ਸ਼ੁਰੂ ਕੀਤੀ ਗਈ ਧੋਖੇਬਾਜ਼ੀ ਵਾਲੀ ਸਿਆਸਤ ਦਾ ਅੰਤ ਕਰ ਦਿੱਤਾ ਹੈ।
ਸ਼ਾਹ ਸਪੱਸ਼ਟ ਰੂਪ ’ਚ ਪਵਾਰ ਵੱਲੋਂ 1978 ਵਿਚ ਵਸੰਤਦਾਦਾ ਪਾਟਿਲ ਦੀ ਅਗਵਾਈ ਵਾਲੀ ਸਰਕਾਰ ਤੋਂ 40 ਵਿਧਾਇਕਾਂ ਸਮੇਤ ਬਾਹਰ ਆ ਕੇ ਮੁੱਖ ਮੰਤਰੀ ਬਣਨ ਵੱਲ ਇਸ਼ਾਰਾ ਕਰ ਰਹੇ ਸਨ।
ਪਵਾਰ ਨੇ ਕਿਹਾ ਕਿ 1978 ’ਚ ਮੈਂ ਮੁੱਖ ਮੰਤਰੀ ਸੀ। ਮੈਨੂੰ ਨਹੀਂ ਪਤਾ ਕਿ ਅਮਿਤ ਸ਼ਾਹ ਉਦੋਂ ਕਿੱਥੇ ਸਨ? ਮੇਰੇ ਮੰਤਰੀ ਮੰਡਲ ’ਚ ਜਨ ਸੰਘ ਦੇ ਉੱਤਮ ਰਾਓ ਪਾਟਿਲ ਵਰਗੇ ਵਿਅਕਤੀ ਸਨ।
ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਚੰਦਰ ਪਵਾਰ) ਦੇ ਮੁਖੀ ਨੇ ਆਗੂਆਂ ਵਿਚਾਲੇ ਗੱਲਬਾਤ ਦੀ ਮੌਜੂਦਾ ਕਮੀ ’ਤੇ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਸ਼ਾਹ ਨੂੰ ਗ੍ਰਹਿ ਮੰਤਰੀ ਦੇ ਅਹੁਦੇ ਦੀ ਮਾਣ-ਮਰਿਆਦਾ ਬਣਾਈ ਰੱਖਣੀ ਚਾਹੀਦੀ ਹੈ। ਪਹਿਲਾਂ ਨੇਤਾਵਾਂ ਵਿਚਕਾਰ ਚੰਗੀ ਗੱਲਬਾਤ ਹੁੰਦੀ ਸੀ ਪਰ ਹੁਣ ਇਹ ਗਾਇਬ ਹੈ।
ਪਵਾਰ ਨੇ ਯਾਦ ਦੁਆਇਆ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਵਿਰੋਧੀ ਧਿਰ ’ਚ ਹੋਣ ਦੇ ਬਾਵਜੂਦ ਭੂਚਾਲ ਤੋਂ ਬਾਅਦ ਮੈਨੂੰ ਆਫ਼ਤ ਪ੍ਰਬੰਧਨ ਅਥਾਰਟੀ ਦਾ ਉਪ-ਚੇਅਰਮੈਨ ਬਣਾਇਆ ਸੀ। ਇਸ ਦੇਸ਼ ਨੇ ਬਹੁਤ ਸਾਰੇ ਸ਼ਾਨਦਾਰ ਗ੍ਰਹਿ ਮੰਤਰੀ ਵੇਖੇ ਹਨ ਪਰ ਉਨ੍ਹਾਂ ’ਚੋਂ ਕਿਸੇ ਨੂੰ ਵੀ ਆਪਣੇ ਸੂਬੇ ਤੋਂ ਬਾਹਰ ਨਹੀਂ ਕੱਢਿਆ ਗਿਆ।