ਸ਼ਹੀਦੀ ਨਗਰ ਕੀਰਤਨ ਟੀ. ਪੀ. ਨਗਰ ਕੋਰਬਾ ਤੋਂ ਸੰਭਲਪੁਰ ਓਡਿਸ਼ਾ ਲਈ ਰਵਾਨਾ
Friday, Sep 19, 2025 - 09:09 PM (IST)

ਅੰਮ੍ਰਿਤਸਰ, (ਦੀਪਕ, ਸਰਬਜੀਤ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ’ਚ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਟੀ. ਪੀ. ਨਗਰ ਕੋਰਬਾ ਤੋਂ ਗੁਰਦੁਆਰਾ ਸਾਹਿਬ ਮੋਦੀਪਾੜਾ ਸੰਭਲਪੁਰ ਓਡਿਸ਼ਾ ਲਈ ਰਵਾਨਾ ਹੋਇਆ।
ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸਜੇ ਧਾਰਮਿਕ ਦੀਵਾਨ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਨੌਵੇਂ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤੀ ਗੁਰਬਾਣੀ ਬਾਰੇ ਕਥਾ ਵਿਚਾਰਾਂ ਕੀਤੀਆਂ। ਉਨ੍ਹਾਂ ਸੰਗਤਾਂ ਨਾਲ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਦੀ ਵੀ ਸਾਂਝ ਪਾਈ। ਨਗਰ ਕੀਰਤਨ ਦਾ ਸੰਗਤਾਂ ਨੇ ਵੱਖ-ਵੱਖ ਪੜਾਵਾਂ ’ਤੇ ਉਤਸ਼ਾਹ ਨਾਲ ਭਰਵਾਂ ਸਵਾਗਤ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ, ਇੰਚਾਰਜ ਪਲਵਿੰਦਰ ਸਿੰਘ, ਸਰਬਜੀਤ ਸਿੰਘ, ਵਧੀਕ ਮੈਨੇਜਰ ਗੁਰਤਿੰਦਰਪਾਲ ਸਿੰਘ ਕਾਦੀਆਂ, ਅਮਰਜੀਤ ਸਿੰਘ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸੁਪਰਵਾਈਜ਼ਰ ਹਰਭਜਨ ਸਿੰਘ, ਗੁਰਸਾਹਿਬ ਸਿੰਘ, ਲਖਬੀਰ ਸਿੰਘ, ਸਿੱਖ ਮਿਸ਼ਨ ਛੱਤੀਸਗੜ੍ਹ ਦੇ ਇੰਚਾਰਜ ਗੁਰਮੀਤ ਸਿੰਘ ਤੇ ਮੋਹਣ ਸਿੰਘ, ਭਾਈ ਬਲਦੇਵ ਸਿੰਘ ਓਗਰਾ ਆਦਿ ਹਾਜ਼ਰ ਸਨ।