ਮਸਜਿਦ ''ਚ ਅਜ਼ਾਨ ਦੀ ਆਵਾਜ਼ ਸੁਣ ਕੇ ਅਮਿਤ ਸ਼ਾਹ ਨੇ ਰੋਕਿਆ ਭਾਸ਼ਣ
Wednesday, Oct 05, 2022 - 05:01 PM (IST)
ਬਾਰਾਮੂਲਾ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਇਕ ਰੈਲੀ ਦੌਰਾਨ ਨੇੜੇ ਦੀ ਮਸਜਿਦ 'ਚ ਅਜ਼ਾਨ ਸੁਣਾਈ ਦੇਣ ਤੋਂ ਬਾਅਦ ਆਪਣਾ ਭਾਸ਼ਣ ਕੁਝ ਸਮੇਂ ਲਈ ਰੋਕ ਦਿੱਤਾ। ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸ਼ੌਕਤ ਅਲੀ ਸਟੇਡੀਅਮ 'ਚ ਆਪਣਾ ਭਾਸ਼ਣ ਸ਼ੁਰੂ ਕਰਨ ਤੋਂ 5 ਮਿੰਟ ਬਾਅਦ ਸ਼ਾਹ ਨੇ ਸਟੇਜ 'ਤੇ ਮੌਜੂਦ ਲੋਕਾਂ ਨੂੰ ਪੁੱਛਿਆ,"ਕੀ ਮਸਜਿਦ 'ਚ ਕੁਝ ਹੋ ਰਿਹਾ ਹੈ?" ਜਦੋਂ ਸਟੇਜ 'ਤੇ ਕਿਸੇ ਨੇ ਉਨ੍ਹਾਂ ਨੂੰ ਕਿਹਾ ਕਿ 'ਅਜ਼ਾਨ' ਹੋ ਰਹੀ ਹੈ ਤਾਂ ਸ਼ਾਹ ਨੇ ਆਪਣਾ ਭਾਸ਼ਣ ਰੋਕ ਦਿੱਤਾ। ਇਸ 'ਤੇ ਲੋਕਾਂ ਨੇ ਤਾੜੀਆਂ ਮਾਰ ਕੇ ਉਨ੍ਹਾਂ ਦੇ ਸਮਰਥਨ 'ਚ ਨਾਅਰੇ ਲਗਾਏ।
ਇਹ ਵੀ ਪੜ੍ਹੋ : ਮਿਆਂਮਾਰ 'ਚ ਫਸੇ 45 ਭਾਰਤੀਆਂ ਦੀ ਹੋਈ ਦੇਸ਼ ਵਾਪਸੀ, ਭੇਜਣ ਵਾਲੇ ਏਜੰਟਾਂ ਖ਼ਿਲਾਫ਼ ਕਾਰਵਾਈ ਦੀ ਤਿਆਰੀ
ਕੁਝ ਦੇਰ ਬਾਅਦ, ਉਨ੍ਹਾਂ ਪੁੱਛਿਆ ਕਿ ਕੀ ਅਜ਼ਾਨ ਪੂਰੀ ਹੋ ਗਈ ਹੈ ਅਤੇ ਉਹ ਆਪਣਾ ਭਾਸ਼ਣ ਸ਼ੁਰੂ ਕਰਨ। ਉਨ੍ਹਾਂ ਪੁੱਛਿਆ,“ਮੈਂ ਸ਼ੁਰੂ ਕਰਾਂ ਜਾਂ ਨਹੀਂ? ਜ਼ੋਰ ਨਾਲ ਬੋਲੋ, ਸ਼ੁਰੂ ਕਰਾਂ?" ਇਹ ਪੁੱਛਣ ਤੋਂ ਬਾਅਦ ਉਨ੍ਹਾਂ ਆਪਣਾ ਭਾਸ਼ਣ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਸ਼ਾਹ ਨੇ ਆਉਂਦੇ ਹੀ ਆਪਣੇ ਭਾਸ਼ਣ ਦੀ ਸ਼ੁਰੂਆਤ 'ਚ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ, ਜੋ ਘੰਟਿਆਂ ਤੋਂ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ। ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਅਤੇ ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਦੇ ਰਾਜ ਮੰਤਰੀ ਜਿਤੇਂਦਰ ਸਿੰਘ ਮੰਚ 'ਤੇ ਮੌਜੂਦ ਸਨ ਪਰ ਉਨ੍ਹਾਂ ਨੇ ਸਭਾ ਨੂੰ ਸੰਬੋਧਨ ਨਹੀਂ ਕੀਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ