ਸ਼ਾਹ ਤੇ ਰਾਹੁਲ ਫਿਰ ਬਿਹਾਰ ਦੇ ਦੌਰੇ ’ਤੇ, ਸਹਿਯੋਗੀ ਪਾਰਟੀਆਂ ਤੋਂ ਰਹਿਣਗੇ ਦੂਰ

Thursday, Jun 05, 2025 - 12:26 AM (IST)

ਸ਼ਾਹ ਤੇ ਰਾਹੁਲ ਫਿਰ ਬਿਹਾਰ ਦੇ ਦੌਰੇ ’ਤੇ, ਸਹਿਯੋਗੀ ਪਾਰਟੀਆਂ ਤੋਂ ਰਹਿਣਗੇ ਦੂਰ

ਨੈਸ਼ਨਲ ਡੈਸਕ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਗਲੇ ਹਫਤੇ ਦੇ ਅੰਤ ’ਚ ਬਿਹਾਰ ਦਾ ਦੌਰਾ ਕਰਨਗੇ ਤਾਂ ਜੋ ਸੂਬੇ ’ਚ ਭਾਜਪਾ ਦੀਆਂ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ ਜਾ ਸਕੇ। ਦੌਰਾ 15 ਜੂਨ ਨੂੰ ਹੋਣ ਦੀ ਸੰਭਾਵਨਾ ਹੈ।

ਸ਼ਾਹ ਸੀਤਾਮੜੀ ’ਚ ਇਕ ਸਰਕਾਰੀ ਸਮਾਗਮ ’ਚ ਸ਼ਾਮਲ ਹੋਣਗੇ। ਬਾਅਦ ’ਚ ਉਹ ਇਕ ਜਨਤਕ ਇੱਕਠ ਨੂੰ ਸੰਬੋਧਨ ਕਰਨਗੇ। ਉਹ ਪਟਨਾ ਵਾਪਸ ਆ ਕੇ ਪਾਰਟੀ ਨੇਤਾਵਾਂ ਨਾਲ ਮੀਟਿੰਗਾਂ ਕਰਨਗੇ।

ਇਸ ਸਮੇਂ ਦੌਰਾਨ ਰਾਜਗ ਨੇਤਾ ਵੀ ਉਨ੍ਹਾਂ ਨੂੰ ਮਿਲਣਗੇ ਪਰ ਸ਼ਾਹ ਦਾ ਧਿਆਨ ਚੋਣ ਮੁਹਿੰਮ ਨੂੰ ਸੰਭਾਲ ਰਹੇ ਭਾਜਪਾ ਵਰਕਰਾਂ ਨਾਲ ਗੱਲਬਾਤ ਕਰਨ ’ਤੇ ਹੈ। ਇਹ ਸ਼ਾਹ ਦਾ ਇਸ ਸਾਲ ਬਿਹਾਰ ਦਾ ਤੀਜਾ ਦੌਰਾ ਹੋਵੇਗਾ।

ਸ਼ਾਹ ਨੇ ਮਾਰਚ ਦੇ ਅਖੀਰ ’ਚ ਬਿਹਾਰ ਦਾ ਦੌਰਾ ਕੀਤਾ ਸੀ ਤੇ ਇਕ ਬੰਦ ਕਮਰਾ ਮੀਟਿੰਗ ’ਚ ਪਾਰਟੀ ਨੇਤਾਵਾਂ ਨੂੰ ਕਮਜ਼ੋਰ ਬੂਥਾਂ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ ਸਨ। ਰਣਨੀਤੀ ਦੂਜੇ ਸੂਬਿਆਂ ਵਰਗੀ ਹੈ।ਭਾਜਪਾ ਬਿਹਾਰ ’ਚ 243 ’ਚੋਂ 100 ਤੋਂ ਵੱਧ ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ।

ਇਸੇ ਤਰ੍ਹਾਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਬਿਹਾਰ ’ਚ 40 ਫੀਸਦੀ ਨੌਜਵਾਨਾਂ 'ਤੇ ਆਪਣਾ ਧਿਆਨ ਕੇਂਦਰਿਤ ਰੱਖਣਗੇ । ਉਹ 6 ਜੂਨ ਨੂੰ ਮੁਜ਼ੱਫਰਪੁਰ ਅਤੇ ਰਾਜਗੀਰ ਜ਼ਿਲਿਆਂ ’ਚ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ।

ਇਹ ਦੌਰਾ 15 ਮਈ ਨੂੰ ਦਰਭੰਗਾ ’ਚ ਵਿਦਿਆਰਥੀਆਂ ਨਾਲ ਗੱਲਬਾਤ ਤੋਂ ਬਾਅਦ ਹੋ ਰਿਹਾ ਹੈ। ਉਦੋਂ ਪੂਰੀ ਸੂਬਾ ਇਕਾਈ ਨੇ ਸੂਬੇ ਦੇ ਵੱਖ-ਵੱਖ ਹੋਸਟਲਾਂ ’ਚ ਨੌਜਵਾਨ ਵੋਟਰਾਂ ਦੇ ਮੁੱਦਿਆਂ ’ਤੇ ਚਰਚਾ ਕੀਤੀ ਸੀ।

ਰਾਹੁਲ ਗਾਂਧੀ ਦੇ ਦੌਰੇ ਦਾ ਮਹਾਗਠਜੋੜ ਦੀਆਂ ਸਹਿਯੋਗੀ ਪਾਰਟੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਜੋ ਸੀਟਾਂ ਦੀ ਵੰਡ ਦੇ ਸੌਦੇ ’ਤੇ ਮੋਹਰ ਲਾਉਣ ਦੀਆਂ ਇੱਛੁਕ ਹਨ।

ਕਾਂਗਰਸ 70 ਸੀਟਾਂ ’ਤੇ ਚੋਣ ਲੜਨ ਲਈ ਉਤਸੁਕ ਹੈ ਹਾਲਾਂਕਿ 2020 ਦੀਆਂ ਚੋਣਾਂ ’ਚ ਇਸ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸੀ। ਉਦੋਂ ਉਹ 70 ਸੀਟਾਂ ’ਚੋਂ ਸਿਰਫ 19 ਸੀਟਾਂ ਹੀ ਜਿੱਤ ਸਕੀ ਸੀ।

ਅਮਿਤ ਸ਼ਾਹ ਅਤੇ ਰਾਹੁਲ ਗਾਂਧੀ ਦੇ ਬਿਹਾਰ ਦੌਰੇ ਦਾ ਫੋਕਸ ਹੁਣ ਸੀਟਾਂ ਦੀ ਵੰਡ ਦੇ ਸੌਦੇ ਨੂੰ ਅੰਤਿਮ ਰੂਪ ਦੇਣ ਤੱਕ ਆਪਣੀਆਂ-ਆਪਣੀਆਂ ਪਾਰਟੀਆਂ ਨੂੰ ਮਜ਼ਬੂਤ ​​ਕਰਨਾ ਹੈ।


author

Rakesh

Content Editor

Related News