ਨਾਬਾਲਗ ਪਤਨੀ ਨਾਲ ਸਬੰਧ ਬਣਾਉਣਾ ਪੋਕਸੋ ਦੇ ਤਹਿਤ ਅਪਰਾਧ: ਦਿੱਲੀ ਹਾਈ ਕੋਰਟ
Sunday, Sep 27, 2026 - 03:56 AM (IST)
ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਨੇ 16 ਸਾਲਾ ਲੜਕੀ ਨਾਲ ਜਬਰ-ਜ਼ਨਾਹ ਦੇ ਮੁਲਜ਼ਮ ਦੇ ਖਿਲਾਫ ਦਰਜ ਕੇਸ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ। ਕੋਰਟ ਨੇ ਸਾਫ ਕਿਹਾ ਕਿ ਨਾਬਾਲਗ ਨਾਲ ਵਿਆਹ ਕਰਨਾ ਮੁਲਜ਼ਮ ਨੂੰ ਕਾਨੂੰਨੀ ਕਾਰਵਾਈ ਤੋਂ ਨਹੀਂ ਬਚਾ ਸਕਦਾ।
ਜਸਟਿਸ ਸੰਜੀਵ ਨਰੂਲਾ ਨੇ 26 ਸਤੰਬਰ, 2026 ਦੇ ਹੁਕਮ ਵਿਚ ਇਹ ਫੈਸਲਾ ਸੁਣਾਇਆ। ਮੁਲਜ਼ਮ ਨੇ ਕੋਰਟ ਵਿਚ ਦਾਅਵਾ ਕੀਤਾ ਸੀ ਕਿ ਨਾਬਾਲਗ ਲੜਕੀ ਉਸਦੀ ਕਾਨੂੰਨੀ ਪਤਨੀ ਹੈ ਅਤੇ ਦੋਹਾਂ ਦਾ ਵਿਆਹ ਮੁਸਲਿਮ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ।
ਮੁਲਜ਼ਮ ਦੇ ਖਿਲਾਫ ਇੰਡੀਅਨ ਪੈਨਲ ਕੋਡ ਦੀ ਧਾਰਾ 375 ਅਤੇ ਪੋਕਸੋ ਐਕਟ, 2012 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੇ ਵਿਆਹ ਦਾ ਹਵਾਲਾ ਦਿੰਦੇ ਹੋਏ ਕੇਸ ਖਤਮ ਕਰਨ ਦੀ ਮੰਗ ਕੀਤੀ ਸੀ।
ਕੋਰਟ ਨੇ ਕਿਹਾ ਕਿ ਪੀੜਤਾ ਮੁਲਜ਼ਮ ਦੀ ਪਤਨੀ ਸੀ ਜਾਂ ਨਹੀਂ ਅਤੇ ਵਿਆਹ ਜਾਇਜ਼ ਸੀ ਜਾਂ ਨਹੀਂ, ਇਸ ਨਾਲ ਪੋਕਸੋ ਦੇ ਤਹਿਤ ਅਪਰਾਧ ’ਤੇ ਕੋਈ ਅਸਰ ਨਹੀਂ ਪੈਂਦਾ। ਪੋਕਸੋ ਦੇ ਤਹਿਤ 18 ਸਾਲ ਤੋਂ ਘੱਟ ਉਮਰ ਦਾ ਵਿਅਕਤੀ ਬੱਚਾ ਮੰਨਿਆ ਜਾਂਦਾ ਹੈ ਅਤੇ ਬੱਚੇ ਦੀ ਸਹਿਮਤੀ ਦੇ ਬਾਵਜੂਦ ਉਸ ਨਾਲ ਜਿਨਸੀ ਸਬੰਧ ਬਣਾਉਣਾ ਅਪਰਾਧ ਹੈ।
