ਕਸ਼ਮੀਰ ਘਾਟੀ ''ਚ ਕੜਾਕੇ ਦੀ ਠੰਡ, ਉਮਰ ਅਬਦੁੱਲਾ ਨੇ ਪ੍ਰੋਗਰਾਮ ਕੀਤੇ ਰੱਦ
Sunday, Dec 22, 2024 - 05:53 PM (IST)
ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਐਤਵਾਰ ਨੂੰ ਜੰਮੂ 'ਚ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਅਤੇ ਕੜਾਕੇ ਦੀ ਠੰਡ ਦੇ ਮੱਦੇਨਜ਼ਰ ਬਿਜਲੀ ਵਿਭਾਗ ਅਤੇ ਹੋਰ ਜ਼ਰੂਰੀ ਸੇਵਾਵਾਂ ਦੇ ਕੰਮਕਾਜ 'ਤੇ ਨਜ਼ਰ ਰੱਖਣ ਲਈ ਸ਼੍ਰੀਨਗਰ 'ਚ ਰਹਿਣ ਦਾ ਫੈਸਲਾ ਕੀਤਾ। ਕਸ਼ਮੀਰ ਘਾਟੀ ਇਸ ਸਮੇਂ ਗੰਭੀਰ ਸੀਤ ਲਹਿਰ ਦੀ ਲਪੇਟ 'ਚ ਹੈ ਅਤੇ ਸ਼੍ਰੀਨਗਰ ਸ਼ਹਿਰ 'ਚ ਸ਼ਨੀਵਾਰ ਨੂੰ ਘੱਟੋ-ਘੱਟ ਤਾਪਮਾਨ 0 ਤੋਂ 8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇੱਥੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਵਿਚ ਸਭ ਤੋਂ ਠੰਡੀ ਰਾਤ ਹੈ। ਘਾਟੀ 'ਚ ਹੋਰ ਥਾਵਾਂ 'ਤੇ ਵੀ ਤਾਪਮਾਨ ਜ਼ੀਰੋ ਤੋਂ ਹੇਠਾਂ ਰਿਹਾ, ਜਿਸ ਕਾਰਨ ਕਈ ਇਲਾਕਿਆਂ 'ਚ ਪਾਣੀ ਸਪਲਾਈ ਕਰਨ ਵਾਲੀਆਂ ਪਾਈਪ ਲਾਈਨਾਂ ਜਾਮ ਹੋ ਗਈਆਂ, ਜਦਕਿ ਲਗਾਤਾਰ ਬਿਜਲੀ ਕੱਟਾਂ ਕਾਰਨ ਸਥਿਤੀ ਬਦਤਰ ਹੋ ਗਈ ਹੈ।
ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਮੁੱਖ ਮੰਤਰੀ ਨੇ ਕਿਹਾ ਕਿ ਕਸ਼ਮੀਰ ਘਾਟੀ 'ਚ ਕੜਾਕੇ ਦੀ ਠੰਡ ਅਤੇ ਇਸ ਦੇ ਨਤੀਜੇ ਵਜੋਂ ਬਿਜਲੀ ਅਤੇ ਪਾਣੀ ਦੀ ਸਪਲਾਈ 'ਚ ਦਿੱਕਤਾਂ ਦੇ ਮੱਦੇਨਜ਼ਰ ਮੈਂ ਜੰਮੂ 'ਚ ਆਪਣੇ ਆਉਣ ਵਾਲੇ ਪ੍ਰੋਗਰਾਮਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਮੈਂ ਨਿੱਜੀ ਤੌਰ 'ਤੇ ਬਿਜਲੀ ਵਿਭਾਗ ਅਤੇ ਹੋਰ ਮਹੱਤਵਪੂਰਨ ਵਿਭਾਗਾਂ ਦੇ ਕੰਮਕਾਜ ਦੀ ਨਿਗਰਾਨੀ ਕਰਨ ਦੇ ਯੋਗ ਹੋਵਾਂਗਾ। ਅਬਦੁੱਲਾ ਨੇ ਕਿਹਾ ਕਿ ਉਹ ਰਾਜਸਥਾਨ ਦੇ ਜੈਸਲਮੇਰ ਤੋਂ ਵਾਪਸ ਆ ਰਹੇ ਸਨ। ਮੁੱਖ ਮੰਤਰੀ ਜੀ. ਐਸ. ਟੀ ਕੌਂਸਲ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਜੈਸਲਮੇਰ ਗਏ ਸਨ। ਮੈਂ ਜੈਸਲਮੇਰ ਤੋਂ ਵਾਪਸ ਆ ਰਿਹਾ ਹਾਂ ਅਤੇ ਕੱਲ੍ਹ ਸਵੇਰੇ ਸ਼੍ਰੀਨਗਰ ਪਹੁੰਚਾਂਗਾ। ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਜੰਮੂ 'ਚ ਮੇਰੇ ਪ੍ਰੋਗਰਾਮ ਨੂੰ ਰੱਦ ਕਰਨ ਨਾਲ ਪ੍ਰਬੰਧਕਾਂ ਨੂੰ ਕੁਝ ਅਸੁਵਿਧਾ ਹੋਵੇਗੀ ਅਤੇ ਮੈਂ ਇਸ ਲਈ ਅਫਸੋਸ ਪ੍ਰਗਟ ਕਰਦਾ ਹਾਂ। ਹਾਲਾਂਕਿ ਮੌਜੂਦਾ ਹਾਲਾਤਾਂ ਵਿਚ ਅਜਿਹਾ ਕਰਨਾ ਸਹੀ ਗੱਲ ਹੈ।