ਆਜ਼ਾਦ ਦੀ ਪਾਰਟੀ ਦੇ ਕਈ ਨੇਤਾਵਾਂ ਦੀ ਕਾਂਗਰਸ ’ਚ ਵਾਪਸੀ
Tuesday, Aug 08, 2023 - 11:47 AM (IST)
ਨਵੀਂ ਦਿੱਲੀ, (ਭਾਸ਼ਾ)- ਜੰਮੂ-ਕਸ਼ਮੀਰ ਦੇ 20 ਤੋਂ ਵੱਧ ਆਗੂ ਸੋਮਵਾਰ ਨੂੰ ਕਾਂਗਰਸ ’ਚ ਸ਼ਾਮਲ ਹੋ ਗਏ, ਜਿਨ੍ਹਾਂ ’ਚੋਂ ਜ਼ਿਆਦਾਤਰ ਗੁਲਾਮ ਨਬੀ ਆਜ਼ਾਦ ਦੀ ਅਗਵਾਈ ਵਾਲੀ ਡੈਮੋਕਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ (ਡੀ. ਪੀ. ਏ.) ਨਾਲ ਸਬੰਧਤ ਹਨ। ਇਹ ਨੇਤਾ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ 10 ਰਾਜਾਜੀ ਮਾਰਗ ’ਤੇ ਪਾਰਟੀ ’ਚ ਸ਼ਾਮਲ ਹੋਏ।
ਇਸ ਮੌਕੇ ਖੜਗੇ, ਕਾਂਗਰਸ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਕਾਰ ਰਸੂਲ ਵਾਨੀ ਅਤੇ ਪਾਰਟੀ ਦੀ ਜੰਮੂ-ਕਸ਼ਮੀਰ ਇਕਾਈ ਦੀ ਇੰਚਾਰਜ ਰਜਨੀ ਪਾਟਿਲ ਮੌਜੂਦ ਸਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਡੀ. ਪੀ. ਏ. ਪੀ. ਕਾਂਗਰਸ ਦੇ ਕਈ ਨੇਤਾਵਾਂ ਦੀ ਵਾਪਸੀ ਤੋਂ ਬਾਅਦ ਇਸ ਪਾਰਟੀ ਦੇ ਸੰਸਥਾਪਕ ਗੁਲਾਮ ਨਬੀ ਆਜ਼ਾਦ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਦੋਸ਼ ਲਾਇਆ ਕਿ ਆਜ਼ਾਦ ਦਾ ‘ਡੀ. ਐੱਨ. ਏ.’ ਬਦਲ ਗਿਆ ਹੈ, ਜਿਸ ਦਾ ਨਵਾਂ ਸਬੂਤ ਉਨ੍ਹਾਂ ਨੇ ਧਾਰਾ 370 ਨਾਲ ਸਬੰਧਤ ਆਪਣੇ ਤਾਜ਼ਾ ਬਿਆਨ ਰਾਹੀਂ ਦਿੱਤਾ ਹੈ।
ਰਮੇਸ਼ ਨੇ ਟਵੀਟ ਕਰ ਕੇ ਦਾਅਵਾ ਕੀਤਾ ਕਿ ਜੀ. ਐੱਨ. ਏ. (ਗੁਲਾਮ ਨਬੀ ਆਜ਼ਾਦ) ਨੇ ਆਪਣੇ ਹੀ ‘ਡੀ. ਐੱਨ. ਏ.’ ਦੀ ਤਬਦੀਲੀ ਦਾ ਨਵਾਂ ਸਬੂਤ ਦਿੰਦਿਆਂ ਕਿਹਾ ਹੈ ਕਿ ਧਾਰਾ 370 ਨੂੰ ਰੱਦ ਕਰਨ ਦਾ ਵਿਰੋਧ ਕਰਨ ਵਾਲੇ ਜ਼ਮੀਨੀ ਸਥਿਤੀ ਤੋਂ ਅਣਜਾਣ ਹਨ।