ਸੰਸਕ੍ਰਿਤ ਨੂੰ ਲੋਕਪ੍ਰਿਯ ਬਣਾਉਣ ਲਈ ਅਨੇਕਾਂ ਯਤਨ ਕੀਤੇ ਗਏ : ਮੋਦੀ
Sunday, Aug 10, 2025 - 02:40 AM (IST)

ਨਵੀਂ ਦਿੱਲੀ (ਭਾਸ਼ਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਵਿਸ਼ਵ ਸੰਸਕ੍ਰਿਤ ਦਿਵਸ ’ਤੇ ਆਪਣੇ ਸੰਦੇਸ਼ ਵਿਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਦਹਾਕੇ ਵਿਚ ਇਸ ਪ੍ਰਾਚੀਨ ਭਾਸ਼ਾ ਨੂੰ ਲੋਕਪ੍ਰਿਯ ਬਣਾਉਣ ਲਈ ਕਈ ਯਤਨ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸੰਸਕ੍ਰਿਤ ਗਿਆਨ ਅਤੇ ਪ੍ਰਗਟਾਵੇ ਦਾ ਇਕ ਸਦੀਵੀ ਸੋਮਾ ਹੈ ਅਤੇ ਇਸਦਾ ਪ੍ਰਭਾਵ ਹਰ ਖੇਤਰ ਵਿਚ ਦੇਖਿਆ ਜਾ ਸਕਦਾ ਹੈ। ਮੋਦੀ ਨੇ ਕਿਹਾ ਕਿ ਇਹ ਉਨ੍ਹਾਂ ਸਾਰਿਆਂ ਦੇ ਯਤਨਾਂ ਦੀ ਸ਼ਲਾਘਾ ਕਰਨ ਦਾ ਮੌਕਾ ਹੈ ਜੋ ਇਸ ਭਾਸ਼ਾ ਨੂੰ ਸਿੱਖਣ ਅਤੇ ਇਸ ਨੂੰ ਪ੍ਰਸਿੱਧ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਦਿਨ ਹਰ ਸਾਲ ‘ਸਾਉਣ ਪੂਰਨਮਾਸੀ’ ਦੇ ਮੌਕੇ ’ਤੇ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਇਸ ਸਬੰਧੀ ਆਪਣੀ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਨੂੰ ਸਾਹਮਣੇ ਰੱਖਦੇ ਹੋਏ ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ ਦੀ ਸਥਾਪਨਾ, ਸੰਸਕ੍ਰਿਤ ਅਧਿਆਪਨ ਕੇਂਦਰਾਂ ਦੀ ਸਥਾਪਨਾ, ਇਸ ਭਾਸ਼ਾ ਦੇ ਵਿਦਵਾਨਾਂ ਨੂੰ ਗ੍ਰਾਂਟ ਪ੍ਰਦਾਨ ਕਰਨ ਅਤੇ ਪ੍ਰਾਚੀਨ ਸੰਸਕ੍ਰਿਤ ਹੱਥ-ਲਿਖਤਾਂ ਦੇ ਡਿਜੀਟਲੀਕਰਨ ਲਈ ਇਕ ਮਿਸ਼ਨ ਸ਼ੁਰੂ ਕਰਨ ਵਰਗੇ ਵੱਖ-ਵੱਖ ਉਪਾਵਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਅਣਗਿਣਤ ਵਿਦਿਆਰਥੀਆਂ ਅਤੇ ਖੋਜਕਾਰਾਂ ਨੂੰ ਲਾਭ ਹੋਇਆ ਹੈ।
ਹਿੰਦੂ ਮਹਾਕਾਵਾਂ ਸਮੇਤ ਬਹੁਤ ਸਾਰੀਆਂ ਪ੍ਰਭਾਵਸ਼ਾਲੀ ਪ੍ਰਾਚੀਨ ਕਿਤਾਬਾਂ ਸੰਸਕ੍ਰਿਤ ਵਿਚ ਲਿਖੀਆਂ ਗਈਆਂ ਹਨ ਪਰ ਸੰਸਕ੍ਰਿਤ ਹੁਣ ਇਕ ਅਜਿਹੀ ਭਾਸ਼ਾ ਬਣ ਗਈ ਹੈ ਜੋ ਜ਼ਿਆਦਾਤਰ ਧਾਰਮਿਕ ਕਾਰਜਾਂ ਤੱਕ ਸੀਮਤ ਹੈ।