ਕੋਲੇ ਦੀ ਖਾਨ ''ਚ ਜ਼ਬਰਦਸਤ ਧਮਾਕਾ; 7 ਮਜ਼ਦੂਰਾਂ ਦੀ ਮੌਤ

Monday, Oct 07, 2024 - 02:38 PM (IST)

ਕੋਲਕਾਤਾ- ਸੋਮਵਾਰ ਦੁਪਹਿਰ ਨੂੰ ਇਕ ਨਿੱਜੀ ਸੰਸਥਾ ਦੀ ਮਾਲਕੀ ਵਾਲੀ ਕੋਲੇ ਦੀ ਖਾਨ 'ਚ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ 'ਚ ਘੱਟੋ-ਘੱਟ 7 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਇਹ ਘਟਨਾ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਖੈਰਾਸੋਲੇ 'ਚ ਵਾਪਰੀ। ਸਥਾਨਕ ਪ੍ਰਸ਼ਾਸਨ ਨੂੰ ਸ਼ੱਕ ਹੈ ਕਿ ਧਮਾਕੇ ਕਾਰਨ ਜ਼ਮੀਨ ਖਿਸਕਣ ਤੋਂ ਬਾਅਦ ਕੋਲੇ ਦੀ ਖਾਨ ਅੰਦਰ ਹੋਰ ਮਜ਼ਦੂਰਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਧਮਾਕੇ 'ਚ ਮਾਰੇ ਗਏ ਮਜ਼ਦੂਰਾਂ ਦੇ ਸਰੀਰ ਦੇ ਟੁਕੜੇ ਹੋ ਗਏ ਸਨ।

ਮਿਲੀ ਜਾਣਕਾਰੀ ਮੁਤਾਬਕ ਜ਼ਖ਼ਮੀ ਮਜ਼ਦੂਰਾਂ, ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ, ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਚ ਭੇਜਿਆ ਗਿਆ ਹੈ। ਬਚਾਅ ਕਾਰਜਾਂ 'ਚ ਲੱਗੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਕੋਲੇ ਦੀ ਖੋਦਾਈ ਲਈ ਜ਼ਰੂਰੀ ਮਾਪਦੰਡਾਂ ਦੀ ਪਾਲਣਾ ਵਿਚ ਲਾਪ੍ਰਵਾਹੀ ਵਰਤੀ ਗਈ, ਜਿਸ ਕਾਰਨ ਇਹ ਘਟਨਾ ਵਾਪਰੀ।

ਇਸ ਦਰਮਿਆਨ ਪੂਰੇ ਇਲਾਕੇ ਵਿਚ ਤਣਾਅ ਵਾਲਾ ਮਾਹੌਲ ਹੈ ਕਿਉਂਕਿ ਮਜ਼ਦੂਰਾਂ ਦੇ ਪਰਿਵਾਰਕ ਮੈਂਬਰ ਅਤੇ ਹੋਰ ਸਥਾਨਕ ਲੋਕ ਕੋਲੇ ਦੀ ਖਾਨ ਕੋਲ ਪਹੁੰਚ ਗਏ ਹਨ ਅਤੇ ਉਨ੍ਹਾਂ ਨੇ ਵਿਰੋਧ ਪ੍ਰਦਰਸ਼ ਸ਼ੁਰੂ ਕਰ ਦਿੱਤਾ ਹੈ। ਸਥਿਤੀ ਨੂੰ ਕੰਟਰੋਲ ਕਰਨ ਲਈ ਇਕ ਵੱਡੀ ਗਿਣਤੀ ਵਿਚ ਪੁਲਸ ਟੁਕੜੀ ਵੀ ਮੌਕੇ 'ਤੇ ਪਹੁੰਚੀ ਹੈ। ਧਮਾਕੇ ਵਿਚ ਮਾਰੇ ਗਏ ਲੋਕਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਦੱਸ ਦੇਈਏ ਕਿ ਪਿਛਲੇ ਹਫ਼ਤੇ ਵੀ ਬੀਰਭੂਮ ਵਿਚ ਇਕ ਪੱਥਰ ਦੀ ਖਾਨ ਵਿਚ ਜ਼ਮੀਨ ਖਿਸਕਣ ਮਗਰੋਂ ਉੱਥੇ ਕੰਮ ਕਰ ਰਹੇ 3 ਮਜ਼ਦੂਰਾਂ ਦੀ ਮੌਤ ਹੋ ਗਈ ਸੀ।


Tanu

Content Editor

Related News