ਲੀਬੀਆ ''ਚ ਅਗਵਾ ਹੋਏ ਭਾਰਤੀਆਂ ਨੂੰ ਸੁਰੱਖਿਅਤ ਛੁਡਾਇਆ ਗਿਆ

Monday, Oct 12, 2020 - 09:02 AM (IST)

ਲੀਬੀਆ ''ਚ ਅਗਵਾ ਹੋਏ ਭਾਰਤੀਆਂ ਨੂੰ ਸੁਰੱਖਿਅਤ ਛੁਡਾਇਆ ਗਿਆ

ਤ੍ਰਿਪੋਲੀ- ਲੀਬੀਆ 'ਚ ਅਗਵਾ ਕੀਤੇ ਗਏ 7 ਭਾਰਤੀਆਂ ਨੂੰ ਸੁਰੱਖਿਅਤ ਛੁਡਾ ਲਿਆ ਗਿਆ ਹੈ। ਟਿਊਨੀਸ਼ੀਆ ਵਿਚ ਭਾਰਤ ਦੇ ਅੰਬੈਸਡਰ ਪੁਨੀਤ ਰਾਏ ਕੁੰਦਲ ਨੇ ਇਸ ਦੀ ਜਾਣਕਾਰੀ ਦਿੱਤੀ। ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਗੁਜਰਾਤ ਤੇ ਬਿਹਾਰ ਦੇ ਇਨ੍ਹਾਂ ਨਿਵਾਸੀਆਂ ਨੂੰ 14 ਸਤੰਬਰ ਨੂੰ ਅਗਵਾ ਕਰ ਲਿਆ ਗਿਆ ਸੀ। 


ਇਨ੍ਹਾਂ ਨੂੰ ਲੀਬੀਆ ਦੇ ਅਸਹਵੇਰਿਫ ਇਲਾਕੇ ਵਿਚ ਉਦੋਂ ਹਿਰਾਸਤ ਵਿਚ ਲਿਆ ਗਿਆ ਜਦ ਉਹ ਭਾਰਤ ਵਾਪਸ ਆਉਣ ਲਈ ਤ੍ਰਿਪੋਲੀ ਹਵਾਈ ਅੱਡੇ ਜਾ ਰਹੇ ਸਨ। 


ਦੱਸ ਦਈਏ ਕਿ ਲੀਬੀਆ ਵਿਚ ਭਾਰਤ ਦਾ ਦੂਤਘਰ ਨਹੀਂ ਹੈ ਤੇ ਟਿਊਨੀਸ਼ੀਆ ਵਿਚ ਭਾਰਤੀ ਮਿਸ਼ਨ ਹੀ ਲੀਬੀਆ ਵਿਚ ਭਾਰਤੀਆਂ ਦੀ ਦੇਖ-ਰੇਖ ਕਰਦਾ ਹੈ। ਭਾਰਤ ਨੇ ਵੀਰਵਾਰ ਨੂੰ 7 ਭਾਰਤੀਆਂ ਦੇ ਅਗਵਾ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਸੀ ਕਿ ਸਾਰਿਆਂ ਨੂੰ ਬਚਾਉਣ ਲਈ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਆਜ਼ਾਦ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਲੋਕ ਮੁਰੰਮਤ ਤੇ ਤੇਲ ਕੰਪਨੀ ਵਿਚ ਕੰਮ ਕਰ ਰਹੇ ਸਨ। 


ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਸੀ ਕਿ ਟਿਊਨੀਸ਼ੀਆ ਵਿਚ ਸਾਡੇ ਦੂਤਘਰ ਨੇ ਲੀਬੀਆ ਦੀ ਸਰਕਾਰ ਅਤੇ ਕੌਮਾਂਤਰੀ ਸੰਸਥਾਨਾਂ ਨਾਲ ਸੰਪਰਕ ਕੀਤਾ ਹੈ। ਅਗਵਾ ਹੋਏ ਨਾਗਰਿਕ ਸੁਰੱਖਿਅਤ ਹਨ ਅਤੇ ਇਨ੍ਹਾਂ ਦੀ ਤਸਵੀਰ ਦਿਖਾਈ ਗਈ ਹੈ। ਅਸੀਂ ਅਗਵਾ ਕੀਤੇ ਲੋਕਾਂ ਦੇ ਸੰਪਰਕ ਵਿਚ ਹਾਂ । ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਸਤੰਬਰ 2015 ਵਿਚ ਲੀਬੀਆ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਸੀ। ਇਸ ਦੇ ਬਾਅਦ ਮਈ 2016 ਵਿਚ ਸੁਰੱਖਿਆ ਕਾਰਨਾਂ ਕਰਕੇ ਲੀਬੀਆ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ ਤੇ ਅਜੇ ਵੀ ਇਹ ਜਾਰੀ ਹੈ। 
 


author

Lalita Mam

Content Editor

Related News