ਸੀਰਮ ਇੰਸਟੀਚਿਊਟ ਨੂੰ ਸਰਕਾਰ ਤੋਂ ਮਿਲਿਆ ‘ਵੈਕਸੀਨ’ ਦੀ ਖਰੀਦ ਦਾ ਆਰਡਰ, ਜਾਣੋ ਕੀ ਹੋਵੇਗੀ ਕੀਮਤ

Monday, Jan 11, 2021 - 06:42 PM (IST)

ਪੁਣੇ— ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸ. ਆਈ. ਆਈ.) ਨੇ ਸੋਮਵਾਰ ਯਾਨੀ ਕਿ ਅੱਜ ਕਿਹਾ ਕਿ ਉਸ ਨੂੰ ਕੇਂਦਰ ਸਰਕਾਰ ਤੋਂ ਆਕਸਫੋਰਡ ਦੀ ਵੈਕਸੀਨ ‘ਕੋਵੀਸ਼ੀਲਡ’ ਦੀ ਖਰੀਦ ਦਾ ਆਰਡਰ ਮਿਲਿਆ ਹੈ। ਐੱਸ. ਆਈ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਨੂੰ ਅੱਜ ਦੁਪਹਿਰ ਨੂੰ ਭਾਰਤ ਸਰਕਾਰ ਤੋਂ ਖਰੀਦ ਦਾ ਆਰਡਰ ਮਿਲਿਆ। ਸਰਕਾਰ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ 16 ਜਨਵਰੀ ਨੂੰ ਟੀਕਾਕਰਨ ਸ਼ੁਰੂ ਹੋਵੇਗਾ। ਦੱਸ ਦੇਈਏ ਕਿ ਆਕਸਫੋਰਡ-ਐਸਟ੍ਰੇਜੇਨੇਕਾ ਵਲੋਂ ਵਿਕਸਿਤ ਐੱਸ. ਆਈ. ਆਈ. ਟੀਕੇ ਨੂੰ ਇਸ ਮਹੀਨੇ ਦੇ ਸ਼ੁਰੂ ’ਚ ਭਾਰਤ ਬਾਇਓਟੇਕ ਦੇ ਦੇਸੀ ਟੇਕੀ ‘ਕੋਵੈਕਸੀਨ’ ਨਾਲ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਮਿਲੀ ਸੀ। 

ਸੀਰਮ ਇੰਸਟੀਚਿਊਟ ਦੇ ਸੀ. ਈ. ਓ. ਅਦਾਰ ਪੂਨਾਵਾਲਾ ਨੇ ਐਲਾਨ ਕਰਦੇ ਹੋਏ ਦੱਸਿਆ ਕਿ ਸਰਕਾਰ ਨੂੰ ਵੈਕਸੀਨ ਦੀ ਪਹਿਲੀ 10 ਕਰੋੜ ਡੋਜ਼ 200 ਰੁਪਏ ਪ੍ਰਤੀ ਡੋਜ਼ ਦੇ ਹਿਸਾਬ ਨਾਲ ਦਿੱਤੀ ਜਾਵੇਗੀ। ਪੂਨਾਵਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਹਰ ਮਹੀਨੇ 5 ਤੋਂ 6 ਕਰੋੜ ਵੈਕਸੀਨ ਦੀ ਡੋਜ਼ ਤਿਆਰ ਕਰ ਰਹੀ ਹੈ ਪਰ ਪਹਿਲੇ ਹਫ਼ਤੇ ’ਚ ਕੇਂਦਰ ਸਰਕਾਰ ਵਲੋਂ 1 ਕਰੋੜ 10 ਲੱਖ ਡੋਜ਼ ਦੀ ਸਪਲਾਈ ਦਾ ਆਰਡਰ ਦਿੱਤਾ ਗਿਆ ਹੈ। ਦੇਸ਼ ਭਰ ’ਚ 16 ਜਨਵਰੀ ਨੂੰ ਟੀਕਾਕਰਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਸਭ ਤੋਂ ਪਹਿਲਾਂ ਇਹ ਟੀਕਾ ਸਿਹਤ ਕਾਮਿਆਂ ਨੂੰ ਲਾਇਆ ਜਾਵੇਗਾ। ਪੂਨਾਵਾਲਾ ਨੇ ਕਿਹਾ ਕਿ ਉਹ ਵੈਕਸੀਨ ਦੀ 200 ਰੁਪਏ ਪ੍ਰਤੀ ਖ਼ੁਰਾਕ ਦੀ ਦਰ ਨਾਲ ਸਰਕਾਰ ਨੂੰ ਦੇਣਗੇ, ਜਦਕਿ ਮਾਰਕੀਟ ’ਚ ਇਸ ਨੂੰ 1000 ਰੁਪਏ ਪ੍ਰਤੀ ਵੈਕਸੀਨ ਦੀ ਖ਼ੁਰਾਕ ਦੇ ਹਿਸਾਬ ਨਾਲ ਵੇਚਿਆ ਜਾਵੇਗਾ। 

ਸੀਰਮ ਇੰਸਟੀਚਿਊਟ ’ਚ ਤਿਆਰ ‘ਕੋਵੀਸ਼ੀਲਡ’ ਵੈਕਸੀਨ ਦੀ ਪੂਰੇ ਦੇਸ਼ ’ਚ ਸਪਲਾਈ ਲਈ ਪੁਣੇ ਦੇ ਟਰਾਂਸਪੋਰਟ ਕੂਲ-ਐਕਸ ਇੰਟਰਗੇਟੇਡ ਕੋਲਡ ਚੇਨ ਲਿਮਟਿਡ ਨੂੰ ਜ਼ਿੰਮਾ ਸੌਂਪਿਆ ਗਿਆ ਹੈ। 16 ਜਨਵਰੀ ਤੋਂ ਸ਼ੁਰੂ ਹੋ ਰਹੇ ਵੈਕਸੀਨੇਸ਼ਨ ਦੇ ਪਹਿਲੇ ਪੜਾਅ ਵਿਚ ਸੀਰਮ ਇੰਸਟੀਚਿਊਟ ਤੋਂ ਕੋਵੀਸ਼ੀਲਡ ਵੈਕਸੀਨ ਨੂੰ ਦੂਜੀਆਂ ਥਾਵਾਂ ’ਤੇ ਭੇਜਿਆ ਜਾਣਾ ਹੈ।


Tanu

Content Editor

Related News