UP ਪੁਲਸ ਨੇ '112 ਸੇਵਾ' ਦਾ ਕੀਤਾ ਮਜ਼ੇਦਾਰ ਪ੍ਰਮੋਸ਼ਨ, ਕਿਹਾ- ਕੋਈ ਵੀ ਮੁੱਦਾ 'ਵਿਰਾਟ' ਅਤੇ 'ਗੰਭੀਰ' ਨਹੀਂ

05/03/2023 3:55:56 PM

ਲਖਨਊ (ਭਾਸ਼ਾ)- ਲਖਨਊ ਦੇ ਏਕਾਨਾ ਸਟੇਡੀਅਮ ਵਿੱਚ ਸੋਮਵਾਰ ਨੂੰ ਖੇਡੇ ਗਏ ਆਈ.ਪੀ.ਐੱਲ. ਮੈਚ ਵਿੱਚ ਲਖਨਊ ਸੁਪਰਜਾਇੰਟਸ ਦੀ ਹਾਰ ਤੋਂ ਬਾਅਦ ਟੀਮ ਦੇ ਮੈਂਟਰ ਗੌਤਮ ਗੰਭੀਰ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਵਿਚਾਲੇ ਮੈਦਾਨ ਵਿੱਚ ਹੋਈ ਤਿੱਖੀ ਬਹਿਸ ਦੀ ਚਰਚਾ ਦਰਮਿਆਨ ਉੱਤਰ ਪ੍ਰਦੇਸ਼ ਪੁਲਸ ਨੇ ਇਸ ਘਟਨਾ 'ਤੇ ਮਜ਼ਾਕੀਆ ਮੀਮ ਬਣਾ ਕੇ ਆਪਣੀ ਡਾਇਲ 112 ਸੇਵਾ ਦਾ ਪ੍ਰਮੋਸ਼ਨ ਕੀਤਾ ਹੈ। ਉੱਤਰ ਪ੍ਰਦੇਸ਼ ਪੁਲਸ ਨੇ ਮੰਗਲਵਾਰ ਦੇਰ ਰਾਤ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਵਿੱਚ ਕਿਹਾ, "ਸਾਡੇ ਲਈ ਕੋਈ ਵੀ ਮੁੱਦਾ 'ਵਿਰਾਟ' ਅਤੇ 'ਗੰਭੀਰ' ਨਹੀਂ ਹੈ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ 112 ਡਾਇਲ ਕਰੋ।" 

ਇਹ ਵੀ ਪੜ੍ਹੋ: ਵਿਵਾਦਾਂ 'ਚ ਘਿਰਨ ਮਗਰੋਂ ਆਖਿਰ ਪਹਿਲਵਾਨਾਂ ਦੇ ਪ੍ਰਦਰਸ਼ਨ 'ਚ ਪਹੁੰਚੀ ਪੀਟੀ ਊਸ਼ਾ, ਦਿੱਤਾ ਇਹ ਭਰੋਸਾ

PunjabKesari

ਇਸ ਪੋਸਟ ਨੂੰ 1.5 ਮਿਲੀਅਨ ਤੋਂ ਵੱਧ ਲੋਕਾਂ ਵੱਲੋਂ ਦੇਖਿਆ ਗਿਆ ਅਤੇ 41,000 ਤੋਂ ਵੱਧ ਲੋਕਾਂ ਵੱਲੋਂ ਲਾਈਕ ਕੀਤਾ ਗਿਆ। ਇਸ ਪੋਸਟ ਨਾਲ ਗੌਤਮ ਗੰਭੀਰ ਅਤੇ ਵਿਰਾਟ ਕੋਹਲੀ ਵਿਚਾਲੇ ਤਿੱਖੀ ਬਹਿਸ ਦੀ ਘਟਨਾ ਦੀ ਤਸਵੀਰ ਵੀ ਪਾਈ ਗਈ ਹੈ। ਰਾਜ ਪੁਲਸ ਨੇ ਇਸ ਪੋਸਟ ਦੇ ਨਾਲ ਇੱਕ ਸੰਦੇਸ਼ ਵੀ ਲਗਾਇਆ ਹੈ, ਜਿਸ ਵਿੱਚ ਲਿਖਿਆ ਹੈ, "ਬਹਿਸਬਾਜ਼ੀ ਤੋਂ ਪਰਹੇਜ਼ ਕਰੋ, ਸਾਨੂੰ ਕਾਲ ਕਰਨ ਤੋਂ ਨਹੀਂ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ 112 ਡਾਇਲ ਕਰੋ।'

ਇਹ ਵੀ ਪੜ੍ਹੋ: ਪਹਿਲਵਾਨ ਵਿਨੇਸ਼ ਫੋਗਾਟ ਦਾ ਵੱਡਾ ਇਲਜ਼ਾਮ, ਨਿਗਰਾਨ ਕਮੇਟੀ ਬਣਾ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ

ਜ਼ਿਕਰਯੋਗ ਹੈ ਕਿ ਲਖਨਊ ਸੁਪਰਜਾਇੰਟਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਆਈ.ਪੀ.ਐੱਲ. ਮੈਚ ਸੋਮਵਾਰ ਨੂੰ ਲਖਨਊ ਦੇ ਏਕਾਨਾ ਸਟੇਡੀਅਮ ਵਿੱਚ ਖੇਡਿਆ ਗਿਆ ਸੀ। ਇਸ ਦੌਰਾਨ ਬੈਂਗਲੁਰੂ ਦੇ ਖਿਡਾਰੀ ਵਿਰਾਟ ਕੋਹਲੀ ਅਤੇ ਸੁਪਰਜਾਇੰਟਸ ਦੇ ਨਵੀਨ-ਉਲ-ਹੱਕ ਵਿਚਾਲੇ ਮੈਦਾਨ 'ਤੇ ਬਹਿਸ ਹੋ ਗਈ ਸੀ। ਮੈਚ ਦੀ ਸਮਾਪਤੀ ਤੋਂ ਬਾਅਦ, ਸੁਪਰਜਾਇੰਟਸ ਦੇ ਮੈਂਟਰ ਗੌਤਮ ਗੰਭੀਰ ਅਤੇ ਕੋਹਲੀ ਵਿਚਕਾਰ ਵੀ ਤਿੱਖੀ ਬਹਿਸ ਹੋ ਗਈ। ਇਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਨਜ਼ਰ ਆਈ। ਇਸ ਮਾਮਲੇ 'ਚ ਕੋਹਲੀ ਅਤੇ ਗੰਭੀਰ 'ਤੇ ਪੂਰੀ ਮੈਚ ਫੀਸ ਦਾ ਜੁਰਮਾਨਾ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ: ਮੈਚ ਦੌਰਾਨ ਭਿੜੇ ਵਿਰਾਟ ਕੋਹਲੀ ਤੇ ਗੌਤਮ ਗੰਭੀਰ, ਹੁਣ ਮਿਲੀ ਇਹ ਵੱਡੀ ਸਜ਼ਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News