ਲਖਨਊ ਤੋਂ ਅਯੁੱਧਿਆ ਤਕ ਹਰ ਥਾਂ ਸੁਰੱਖਿਆ ਸਖਤ, ਸੜਕਾਂ ''ਤੇ ਪਸਰਿਆ ਸੰਨਾਟਾ
Saturday, Nov 09, 2019 - 10:16 AM (IST)

ਅਯੁੱਧਿਆ— ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਧਾਰਮਿਕ ਨਗਰੀ ਅਯੁੱਧਿਆ ਵਿਚਾਲੇ ਸੜਕ ਮਾਰਗ 'ਤੇ ਸੰਨਾਟਾ ਪਸਰਿਆ ਹੋਇਆ ਹੈ। ਲਖਨਊ ਫੈਜ਼ਾਬਾਦ ਹਾਈਵੇਅ 'ਤੇ ਥਾਂ-ਥਾਂ ਬੈਰੀਅਰ ਨਜ਼ਰ ਆਏ। ਮੁਸਤੈਦ ਪੁਲਸ ਕਰਮਚਾਰੀਆਂ ਦੀਆਂ ਗੱਡੀਆਂ ਦੀ ਚੈਕਿੰਗ ਕਰਦੇ ਨਜ਼ਰ ਆਏ। ਸੁਰੱਖਿਆ ਦਾ ਭੀਰ ਇੰਤਜ਼ਾਮ ਥਾਂ-ਥਾਂ ਮਿਲਿਆ। ਟਰੱਕਾਂ ਦੀ ਨੋ ਐਂਟਰੀ ਦੀ ਵਜ੍ਹਾ ਪੁਲਸ ਵਾਲੇ ਸਮਝਾਉਂਦੇ ਦਿੱਸੇ।
ਆਮ ਤੌਰ 'ਤੇ ਸੜਕ ਕਿਨਾਰੇ ਦਿਨ ਅਤੇ ਰਾਤ ਖਾਣ-ਪੀਣ ਦੀ ਚਹਿਲ-ਪਹਿਲ ਨਾਲ ਭਰੀ ਰਹਿਣ ਵਾਲੀਆਂ ਦੁਕਾਨਾਂ ਬੰਦ ਸਨ। ਸੜਕ 'ਤੇ ਪਸਰਿਆ ਸੰਨਾਟਾ ਕਰਫਿਊ ਵਰਗੇ ਹਾਲਾਤ ਬਿਆਨ ਕਰ ਰਿਹਾ ਸੀ। ਸਕੂਲ ਬੰਦ ਹੋਣ ਕਾਰਨ ਬੱਚੇ ਖੁਸ਼ੀ 'ਚ ਖੇਡਦੇ ਨਜ਼ਰ ਆਏ। ਕੁੱਲ ਮਿਲਾ ਕੇ ਰਸਤੇ ਵਿਚ ਪੈਣ ਵਾਲੇ ਤਮਾਮ ਪਿੰਡ ਰੋਜ਼ਾਨਾ ਵਾਂਗ ਸਨ। ਹਾਲਾਂਕਿ ਹਰ ਕਿਲੋਮੀਟਰ 'ਤੇ ਭਾਰੀ ਪੁਲਸ ਬਲ ਮੁਸਤੈਦ ਨਜ਼ਰ ਆਇਆ ਅਤੇ ਸੋਸ਼ਲ ਮੀਡੀਆ ਤੋਂ ਲੈ ਕੇ ਸੰਚਾਰ ਸਾਧਨਾਂ 'ਤੇ ਸਰਕਾਰ ਵਲੋਂ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਚਰਚਾ ਦਾ ਵਿਸ਼ਾ ਜ਼ਰੂਰ ਰਹੀ।