12 ਨਕਸਲੀਆਂ ਨੇ ਕੀਤਾ ਸਰੰਡਰ, 9 ''ਤੇ 28.50 ਲੱਖ ਰੁਪਏ ਦਾ ਸੀ ਇਨਾਮ
Wednesday, Jul 09, 2025 - 04:58 PM (IST)

ਦੰਤੇਵਾੜਾ- ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ 'ਚ ਮਾਓਵਾਦੀ ਜੋੜੇ ਸਮੇਤ 12 ਨਕਸਲੀਆਂ ਨੇ ਸੁਰੱਖਿਆ ਫ਼ੋਰਸਾਂ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। ਪੁਲਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਆਤਮ ਸਮਰਪਣ ਕਰਨ ਵਾਲੇ ਨਕਸਲੀਆਂ 'ਚੋਂ ਡਿਵੀਜ਼ਨ ਕਮੇਟੀ ਮੈਂਬਰ ਚੰਦਰਨਾ ਉਰਫ਼ ਬੁਰਸੂ ਪੁਨੇਮ (52) ਅਤੇ ਅਮਿਤ ਉਰਫ਼ ਹਿੰਗਾ (26) 'ਤੇ 8-8 ਲੱਖ ਰੁਪਏ ਅਤੇ ਏਰੀਆ ਕਮੇਟੀ ਮੈਂਬਰ ਅਤੇ ਅਮਿਤ ਦੀ ਪਤਨੀ ਅਰੁਣਾ ਲੇਕਮ (25) 'ਤੇ 5 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਨਕਸਲੀ ਦੇਵਾ ਕਵਾਸੀ (22) 'ਤੇ ਤਿੰਨ ਲੱਖ ਰੁਪਏ ਅਤੇ ਰਾਜੇਸ਼ ਮਡਕਾਮ (35) 'ਤੇ 2 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ।
ਉਨ੍ਹਾ ਦੱਸਿਆ ਕਿ ਨਕਸਲੀ ਪਾਇਕੇ ਓਯਾਮ (25) ਦੇ ਸਿਰ 'ਤੇ ਇਕ ਲੱਖ ਰੁਪਏ ਅਤੇ ਨਕਸਲੀ ਕੋਸਾ ਸੋਢੀ (23), ਮਹੇਸ਼ ਲੇਕਾਮ (23) ਅਤੇ ਰਾਜੂ ਕਰਟਾਮ (20) 'ਤੇ 50-50 ਹਜ਼ਾਰ ਰੁਪਏ ਦਾ ਇਨਾਮ ਐਲਾਨ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸਰੰਡਰ ਕਰਨ ਵਾਲੇ ਮਾਓਵਾਦੀਆਂ 'ਚ ਇਕ ਪੱਛਮੀ ਬਸਤਰ ਡਿਵੀਜ਼ਨ ਦਾ ਡਿਵੀਜ਼ਨ ਕਮੇਟੀ ਮੈਂਬਰ, ਇਕ ਗੜ੍ਹਚਿਰੌਲੀ ਡਿਵੀਜ਼ਨ ਦਾ ਡਿਵੀਜ਼ਨ ਕਮੇਟੀ ਮੈਂਬਰ, ਇਕ ਏਰੀਆ ਕਮੇਟੀ ਮੈਂਬਰ ਅਤੇ ਇਕ ਮਾੜ ਡਿਵੀਜ਼ਨ ਪਲਾਟੂਨ ਨੰਬਰ 32 ਦਾ ਸੈਕਸ਼ਨ ਕਮਾਂਡਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 30 ਸਾਲਾਂ ਤੋਂ ਮਾਓਵਾਦੀ ਸੰਗਠਨ 'ਚ ਸਰਗਰਮ ਮਾਓਵਾਦੀ ਚੰਦਰਨਾ ਪੁਨੇਮ ਤਾਰਲਾਗੁੜਾ, ਜਾਂਗਲਾ, ਬਿਰੀਆਭੂਮੀ, ਤੜਕੇਲ, ਹਿੰਗੁਮ, ਤਿਮੇਨਾਰ, ਪੋਰੋਵਾੜਾ ਅਤੇ ਕੋਰਚੋਲੀ ਦੇ ਜੰਗਲ 'ਚ ਹੋਏ ਮੁਕਾਬਲੇ ਅਤੇ ਬਾਰੂਦੀ ਸੁਰੰਗ ਧਮਾਕੇ ਵਰਗੀਆਂ ਵੱਡੀਆਂ ਘਟਨਾਵਾਂ 'ਚ ਸ਼ਾਮਲ ਸਨ।
ਉੱਥੇ ਹੀ ਨਕਸਲੀ ਦੇਵਾ ਕਵਾਸੀ ਖ਼ਿਲਾਫ਼ ਪੁਲਸ ਕੈਂਪ ਅਤੇ ਪੁਲਸ ਦਲ 'ਤੇ ਗੋਲੀਬਾਰੀ ਕਰਨ ਦਾ ਦੋਸ਼ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੋਰ ਨਕਸਲੀਆਂ 'ਤੇ ਨਕਸਲੀ ਬੰਦ ਦੌਰਾਨ ਸੜਕ ਪੁੱਟਣ, ਦਰੱਖਤ ਕੱਟਣ, ਨਕਸਲੀ ਬੈਨਰ, ਪੋਸਟਰ ਲਗਾਉਣ ਵਰਗੀਆਂ ਘਟਨਾਵਾਂ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਉਨ੍ਹਾਂ ਦੱਸਿਆ ਕਿ 2020 'ਚ ਸ਼ਉਰੂ ਹੋਏ ਲੋਨ ਵਰਾਟੂ (ਆਪਣੇ ਘਰ/ਪਿੰਡ ਵਾਪਸ ਪਰਤੋ) ਮੁਹਿੰਮ 'ਚ ਹੁਣ ਤੱਕ 249 ਇਨਾਮੀ ਨਕਸਲੀ ਸਣੇ 1005 ਨਕਸਲੀਆਂ ਨੇ ਸਰੰਡਰ ਕੀਤਾ ਹੈ। ਇਨ੍ਹਾਂ 'ਚ ਸੁਕਮਾ, ਬੀਜਾਪੁਰ ਅਤੇ ਨਾਰਾਇਣਪੁਰ ਦੇ 813 ਪੁਰਸ਼ ਅਤੇ 192 ਮਹਿਲਾ ਨਕਸਲੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਰੰਡਰ ਕਰਨ ਵਾਲੇ ਨਕਸਲੀਆਂ ਨੂੰ ਮੁੜ ਵਸੇਬੇ ਨੀਤੀ ਦੇ ਅਧੀਨ 50-50 ਹਜ਼ਾਰ ਰੁਪਏ ਦੀ ਮਦਦ ਰਾਸ਼ੀ ਦਿੱਤੀ ਗਈ ਹੈ। ਉਨ੍ਹਾਂ ਨੂੰ ਹੋਰ ਸਹੂਲਤਾਂ ਵਰਗੇ ਕੌਸ਼ਲ ਵਿਕਾਸ ਸਿਖਲਾਈ ਅਤੇ ਖੇਤੀਬਾੜੀ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8