ਅੱਤਵਾਦ ਤੇ ਕੱਟੜਵਾਦ ਦਾ ਮੁਕਾਬਲਾ ਕਰਨ ਲਈ ਸਾਂਝੀ ਰਣਨੀਤੀ ਬਣਾਵੇ SCO : ਮੋਦੀ

Friday, Sep 17, 2021 - 04:27 PM (IST)

ਅੱਤਵਾਦ ਤੇ ਕੱਟੜਵਾਦ ਦਾ ਮੁਕਾਬਲਾ ਕਰਨ ਲਈ ਸਾਂਝੀ ਰਣਨੀਤੀ ਬਣਾਵੇ SCO : ਮੋਦੀ

ਨਵੀਂ ਦਿੱਲੀ (ਵਾਰਤਾ)-ਭਾਰਤ ਨੇ ਅੱਜ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸ. ਸੀ. ਓ.) ਨੂੰ ਪੱਛਮੀ ਏਸ਼ੀਆ ’ਚ ਵਧ ਰਹੇ ਕੱਟੜਵਾਦ ਅਤੇ ਧਾਰਮਿਕ ਕੱਟੜਵਾਦ ਨਾਲ ਨਜਿੱਠਣ ਲਈ ਇੱਕ ਸਾਂਝੀ ਰਣਨੀਤਕ ਯੋਜਨਾ ਲਿਆਉਣ ਦਾ ਸੱਦਾ ਦਿੱਤਾ, ਜੋ ਨਾ ਸਿਰਫ ਖੇਤਰੀ ਸੁਰੱਖਿਆ ਲਈ ਬਲਕਿ ਨਵੀਂ ਪੀੜ੍ਹੀ ਦੇ ਉੱਜਵਲ ਭਵਿੱਖ ਲਈ ਵੀ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਤੋਂ ਵੀਡੀਓ ਲਿੰਕ ਰਾਹੀਂ 21ਵੇਂ ਐੱਸ. ਸੀ. ਓ. ਸੰਮੇਲਨ ਜੋ ਤਾਕਿਸਤਾਨ ਦੇ ਦੁਸ਼ਾਂਬੇ ’ਚ ਹੋ ਰਿਹਾ ਹੈ, ਦੇ ਮੁੱਖ ਸੈਸ਼ਨ ਨੂੰ ਸੰਬੋਧਨ ਕਰਦਿਆਂ ਇਹ ਸੱਦਾ ਦਿੱਤਾ। ਉਨ੍ਹਾਂ ਨਵੇਂ ਭਾਈਵਾਲ ਈਰਾਨ, ਸਾਊਦੀ ਅਰਬ, ਮਿਸਰ ਅਤੇ ਕਤਰ ਦਾ ਸਵਾਗਤ ਕੀਤਾ। । ਉਨ੍ਹਾਂ ਆਪਣੇ ਭਾਸ਼ਣ ’ਚ ਕੱਟੜਵਾਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸਮੇਂ ਵਿਸ਼ਵ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸ਼ਾਂਤੀ, ਸੁਰੱਖਿਆ ਅਤੇ ਭਰੋਸਾ ਹੈ ਅਤੇ ਕੱਟੜਵਾਦ ਦੁਨੀਆ ’ਚ ਤੇਜ਼ੀ ਨਾਲ ਵਧ ਰਿਹਾ ਹੈ।

ਇਹ ਵੀ ਪੜ੍ਹੋ : SCO ਸੰਮੇਲਨ ’ਚ ਬੋਲੇ ਇਮਰਾਨ, ਕਿਹਾ-ਅਫ਼ਗਾਨਿਸਤਾਨ ਨੂੰ ਬਾਹਰੋਂ ਨਹੀਂ ਕੀਤਾ ਜਾ ਸਕਦੈ ਕੰਟਰੋਲ

ਅਫ਼ਗਾਨਿਸਤਾਨ ’ਚ ਹਾਲੀਆ ਘਟਨਾਵਾਂ ਨੇ ਇਸ ਚੁਣੌਤੀ ’ਚ ਵਾਧਾ ਕੀਤਾ ਹੈ। ਜਿਸ ਸਮੇਂ ਪ੍ਰਧਾਨ ਮੰਤਰੀ ਅਫ਼ਗਾਨਿਸਤਾਨ ਦੇ ਮੁੱਦੇ ਦਾ ਜ਼ਿਕਰ ਕਰ ਰਹੇ ਸਨ, ਉਸ ਮੀਟਿੰਗ ’ਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਅਸੀਂ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਦੇਖਾਂਗੇ ਕਿ ਮੱਧ ਏਸ਼ੀਆ ਦਾ ਖੇਤਰ ਮੱਧਮ ਅਤੇ ਪ੍ਰਗਤੀਸ਼ੀਲ ਸੱਭਿਆਚਾਰ ਅਤੇ ਕਦਰਾਂ ਕੀਮਤਾਂ ਦਾ ਗੜ੍ਹ ਰਿਹਾ ਹੈ। ਸੂਫ਼ੀਵਾਦ ਵਰਗੀਆਂ ਪਰੰਪਰਾਵਾਂ ਸਦੀਆਂ ਤੋਂ ਇੱਥੇ ਪ੍ਰਫੁੱਲਿਤ ਹੋਈਆਂ ਅਤੇ ਪੂਰੇ ਖੇਤਰ ਤੇ ਵਿਸ਼ਵ ’ਚ ਫੈਲੀਆਂ। ਅਸੀਂ ਅਜੇ ਵੀ ਇਸ ਖੇਤਰ ਦੀ ਸੱਭਿਆਚਾਰਕ ਵਿਰਾਸਤ ’ਚ ਉਨ੍ਹਾਂ ਦਾ ਅਕਸ ਵੇਖ ਸਕਦੇ ਹਾਂ। ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਐੱਸ. ਸੀ. ਓ. ਦੇ ਲੱਗਭਗ ਸਾਰੇ ਦੇਸ਼ਾਂ ’ਚ ਇਸਲਾਮ ਨਾਲ ਸਬੰਧਤ ਮੱਧਮ, ਸਹਿਣਸ਼ੀਲ ਅਤੇ ਸੰਮਲਿਤ ਸੰਸਥਾਵਾਂ ਤੇ ਪ੍ਰੰਪਰਾਵਾਂ ਹਨ। ਐੱਸ. ਸੀ. ਓ. ਨੂੰ ਉਨ੍ਹਾਂ ਦੇ ਵਿਚਕਾਰ ਇੱਕ ਮਜ਼ਬੂਤ ​​ਨੈੱਟਵਰਕ ਵਿਕਸਿਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ।

ਇਸ ਸੰਦਰਭ ’ਚ ਮੈਂ ਐੱਸ. ਸੀ. ਓ. ਦੇ ਰੈਟ ਮੈਕੇਨਿਜ਼ਮ ਵੱਲੋਂ ਕੀਤੇ ਜਾ ਰਹੇ ਉਪਯੋਗੀ ਕੰਮ ਦੀ ਸ਼ਲਾਘਾ ਕਰਦਾ ਹਾਂ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਤਾਜਿਕ ਲੋਕਾਂ ਦਾ ਸਵਾਗਤ ਕਰਦਿਆਂ ਭਾਸ਼ਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਪੂਰੇ ਭਾਰਤ ਵੱਲੋਂ ਤਾਜਿਕ ਭਰਾਵਾਂ ਤੇ ਭੈਣਾਂ ਦਾ ਸਵਾਗਤ ਕਰਦਾ ਹਾਂ। ਇਸ ਸਾਲ ਅਸੀਂ ਐੱਸ. ਸੀ. ਓ. ਦੀ 20ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਸਿਖਰ ਸੰਮੇਲਨ ਤੋਂ ਬਾਅਦ ਇੱਕ ਸੰਪਰਕ ਮੀਟਿੰਗ ਹੋਵੇਗੀ। ਇਸ ਦੌਰਾਨ ਅਫ਼ਗਾਨਿਸਤਾਨ ਦੇ ਮੁੱਦੇ ’ਤੇ ਚਰਚਾ ਕੀਤੀ ਜਾਵੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਇਸ ਤੋਂ ਇਲਾਵਾ ਖੇਤਰੀ ਸੁਰੱਖਿਆ, ਸਹਿਯੋਗ ਅਤੇ ਸੰਪਰਕ ਸਮੇਤ ਹੋਰ ਮੁੱਦਿਆਂ ’ਤੇ ਵੀ ਚਰਚਾ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ’ਚ ਕਿਹਾ ਕਿ ਐੱਸ. ਸੀ. ਓ. ਕੌਂਸਲ ਦੇ ਮੈਂਬਰ ਦੇਸ਼ਾਂ ਦੇ ਮੁਖੀਆਂ ਦੀ 21ਵੀਂ ਮੀਟਿੰਗ ਸ਼ੁੱਕਰਵਾਰ ਨੂੰ ਦੁਸ਼ਾਂਬੇ ’ਚ ਇੱਕ ਹਾਈਬ੍ਰਿਡ ਫਾਰਮੈੱਟ ’ਚ ਹੋ ਰਹੀ ਹੈ, ਜਿਸ ਦੀ ਪ੍ਰਧਾਨਗੀ ਤਾਜਿਕਸਤਾਨ ਦੇ ਰਾਸ਼ਟਰਪਤੀ ਇਮੋਮਾਲੀ ਰਹਿਮਾਨ ਕਰ ਰਹੇ ਹਨ।


author

Manoj

Content Editor

Related News