ਸਕੂਲ ਛੁੱਟੀਆਂ ''ਚ ਵਾਧਾ, ਜਾਰੀ ਹੋਏ ਨਵੇਂ ਹੁਕਮ
Tuesday, Jan 07, 2025 - 05:20 PM (IST)
ਵੈਬ ਡੈਸਕ : ਕੜਾਕੇ ਦੀ ਪੈ ਰਹੀ ਠੰਡ ਦੇ ਮੱਦੇਨਜ਼ਰ ਰਾਜਸਥਾਨ ਦੇ ਹਨੂੰਮਾਨਗੜ੍ਹ ਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ 11 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਹਨ। ਉਂਝ ਸਿਰਫ਼ ਪਹਿਲੀ ਤੋਂ ਅੱਠਵੀਂ ਜਮਾਤ ਦੀਆਂ ਛੁੱਟੀਆਂ ਵਿੱਚ ਵਾਧਾ ਕੀਤਾ ਗਿਆ ਹੈ। 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਨਿਯਮਿਤ ਤੌਰ 'ਤੇ ਕਲਾਸਾਂ ਲਾਈਆਂ ਜਾਣਗੀਆਂ।
ਸਕੂਲ ਖੁੱਲ੍ਹਣ 'ਤੇ ਹੋਵੇਗੀ ਕਾਰਵਾਈ
ਡੀਈਓ ਸੈਕੰਡਰੀ ਹੈੱਡਕੁਆਰਟਰ ਹੰਸਰਾਜ ਜਾਜੇਵਾਲ ਨੇ ਦੱਸਿਆ ਕਿ ਛੁੱਟੀ ਸਿਰਫ਼ ਵਿਦਿਆਰਥੀਆਂ ਲਈ ਹੋਵੇਗੀ। ਸਕੂਲ ਦੇ ਸਮੂਹ ਸਟਾਫ਼ ਦੀਆਂ ਡਿਊਟੀਆਂ ਪਹਿਲਾਂ ਵਾਂਗ ਹੀ ਰਹਿਣਗੀਆਂ। ਜੇਕਰ ਕੋਈ ਸਕੂਲ ਉਕਤ ਸਮੇਂ ਦੌਰਾਨ ਪਹਿਲੀ ਤੋਂ ਅੱਠਵੀਂ ਜਮਾਤਾਂ ਚਲਾ ਰਿਹਾ ਪਾਇਆ ਗਿਆ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
13 ਜਨਵਰੀ ਨੂੰ ਖੁੱਲ੍ਹਣਗੇ ਸਕੂਲ
ਜ਼ਿਕਰਯੋਗ ਹੈ ਕਿ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ 5 ਜਨਵਰੀ ਤੱਕ ਹੀ ਸਨ। 6 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੂਰਬ ਮਨਾਉਣ ਲਈ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਅਜਿਹੇ 'ਚ ਜਿਹੜੇ ਸਕੂਲ 7 ਜਨਵਰੀ ਨੂੰ ਖੁੱਲ੍ਹਣੇ ਸਨ, ਉਹ ਹੁਣ 13 ਜਨਵਰੀ ਨੂੰ ਖੁੱਲ੍ਹਣਗੇ।
10-12 ਜਨਵਰੀ ਲਈ ਮੌਸਮ ਦੀ ਚਿਤਾਵਨੀ
ਜੈਪੁਰ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਮਕਰ ਸੰਕ੍ਰਾਂਤੀ ਤੋਂ ਪਹਿਲਾਂ ਰਾਜਸਥਾਨ ਵਿੱਚ ਇੱਕ ਸਰਗਰਮ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। 10 ਤੋਂ 12 ਜਨਵਰੀ ਦਰਮਿਆਨ ਜੈਪੁਰ, ਭਰਤਪੁਰ, ਬੀਕਾਨੇਰ ਅਤੇ ਅਜਮੇਰ ਡਿਵੀਜ਼ਨ ਦੇ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹਿਣਗੇ। ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।