ਵੱਡੀ ਖ਼ਬਰ : ਸਕੂਲ-ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਘਰ ਭੇਜੇ ਵਿਦਿਆਰਥੀ, ਮੱਚੀ ਹਫ਼ੜਾ-ਦਫ਼ੜੀ
Tuesday, Jul 15, 2025 - 11:49 AM (IST)

ਨਵੀਂ ਦਿੱਲੀ : ਅਜੌਕੇ ਸਮੇਂ ਵਿਚ ਸਕੂਲ, ਕਾਲਜ, ਦਫ਼ਤਰਾਂ, ਅਦਾਲਤਾਂ ਆਦਿ ਨੂੰ ਵਾਰ-ਵਾਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ, ਜਿਸ ਨਾਲ ਪੂਰਾ ਦੇਸ਼ ਕੰਬ ਜਾਂਦਾ ਹੈ। ਅੱਜ ਵੀ ਯਾਨੀ ਦੂਜੇ ਦਿਨ ਦਿੱਲੀ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀ ਈ-ਮੇਲ ਮਿਲੀ ਹੈ, ਜਿਸ ਨੇ ਸਕੂਲ ਅਧਿਕਾਰੀਆਂ ਨੂੰ ਭਾਜੜਾਂ ਪਾ ਦਿੱਤੀਆਂ। ਦੱਸ ਦੇਈਏ ਕਿ ਦਿੱਲੀ ਦੇ ਦਵਾਰਕਾ ਇਲਾਕੇ ਦੇ ਸੇਂਟ ਥਾਮਸ ਸਕੂਲ ਅਤੇ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨ ਕਾਲਜ ਨੂੰ ਸਵੇਰੇ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਵਿਚ ਹਫ਼ੜਾ-ਦਫ਼ੜੀ ਮੱਚ ਗਈ।
ਈਮੇਲ ਮਿਲਣ ਤੋਂ ਬਾਅਦ ਸਾਵਧਾਨੀ ਵਜੋਂ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਥਾਂ 'ਤੇ ਲਿਜਾਇਆ ਗਿਆ। ਇਸ ਤੋਂ ਬਾਅਦ ਸੂਚਨਾ ਮਿਲਣ 'ਤੇ ਦਿੱਲੀ ਪੁਲਸ, ਬੰਬ ਸਕੁਐਡ ਅਤੇ ਡੌਗ ਸਕੁਐਡ ਮੌਕੇ 'ਤੇ ਪਹੁੰਚ ਗਏ, ਜਿਹਨਾਂ ਨੇ ਸਕੂਲ ਅਤੇ ਕਾਲਜ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸਕੂਲ-ਕਾਲਜ ਦੇ ਹਰੇਕ ਕੋਨੇ ਦੀ ਜਾਂਚ ਕੀਤੀ ਗਈ। ਹਾਲਾਂਕਿ, ਪੁਲਸ ਨੂੰ ਅਜੇ ਤੱਕ ਸਕੂਲ ਜਾਂ ਕਾਲਜ ਵਿੱਚ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਇਸ ਤੋਂ ਇਲਾਵਾ ਦਿੱਲੀ ਪੁਲਸ ਹੁਣ ਉਸ ਈਮੇਲ ਦੀ ਵੀ ਜਾਂਚ ਕਰ ਰਹੀ ਹੈ, ਜਿਸ ਰਾਹੀਂ ਇਹ ਧਮਕੀ ਦਿੱਤੀ ਗਈ ਸੀ, ਤਾਂ ਜੋ ਧਮਕੀ ਦੇਣ ਵਾਲੇ ਵਿਅਕਤੀ ਦੀ ਪਛਾਣ ਕੀਤੀ ਜਾ ਸਕੇ।
ਦੱਸ ਦੇਈਏ ਕਿ ਦਿੱਲੀ ਦੇ ਨਾਲ-ਨਾਲ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਤੋਂ ਵੀ ਇਸੇ ਤਰ੍ਹਾਂ ਦੀ ਧਮਕੀ ਦੀ ਰਿਪੋਰਟ ਮਿਲੀ ਹੈ। ਬੰਬੇ ਸਟਾਕ ਐਕਸਚੇਂਜ (BSE) ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਧਮਕੀ ਦੀ ਜਾਣਕਾਰੀ ਮਿਲਣ ਤੋਂ ਬਾਅਦ, ਮੁੰਬਈ ਦੇ ਰਮਾਬਾਈ ਮਾਰਗ ਪੁਲਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਪਰ ਹੁਣ ਤੱਕ ਪੁਲਸ ਜਾਂਚ ਵਿੱਚ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਤੋਂ ਪਹਿਲਾਂ ਵੀ ਦਿੱਲੀ ਦੇ ਹੋਰ ਸਕੂਲਾਂ ਨੂੰ ਕਈ ਵਾਰ ਧਮਕੀ ਭਰੇ ਈਮੇਲ ਮਿਲ ਚੁੱਕੇ ਹਨ।