ਜਨ ਔਸ਼ਧੀ ਯੋਜਨਾ ਨਾਲ ਲੋਕਾਂ ਨੂੰ ਮਿਲੀ ਵੱਡੀ ਰਾਹਤ, 11 ਸਾਲਾਂ 'ਚ 38,000 ਕਰੋੜ ਰੁਪਏ ਦੀ ਬਚਤ
Wednesday, Jul 30, 2025 - 12:58 PM (IST)

ਨਵੀ ਦਿੱਲੀ- ਜਨ ਔਸ਼ਧੀ ਕੇਂਦਰਾਂ (Jan Aushadhi Kendras - JAKs) ਨੇ ਪਿਛਲੇ 11 ਸਾਲਾਂ 'ਚ ਨਾਗਰਿਕਾਂ ਨੂੰ 38,000 ਕਰੋੜ ਰੁਪਏ ਦੀ ਬਚਤ ਕਰਵਾਈ ਹੈ। ਇਹ ਜਾਣਕਾਰੀ ਰਾਜ ਸਭਾ 'ਚ ਰਸਾਇਣ ਅਤੇ ਖਾਦ ਮੰਤਰਾਲੇ ਦੀ ਰਾਜ ਮੰਤਰੀ ਅਨੁਪ੍ਰਿਆ ਪਟੇਲ ਵੱਲੋਂ ਲਿਖਤੀ ਜਵਾਬ ਦੌਰਾਨ ਦਿੱਤੀ ਗਈ। ਉਨ੍ਹਾਂ ਦੱਸਿਆ ਕਿ 30 ਜੂਨ 2025 ਤੱਕ ਦੇਸ਼ ਭਰ 'ਚ ਕੁੱਲ 16,912 ਜਨ ਔਸ਼ਧੀ ਕੇਂਦਰ ਖੋਲ੍ਹੇ ਜਾ ਚੁੱਕੇ ਹਨ।
ਮਹਿੰਗੀਆਂ ਦਵਾਈਆਂ ਤੋਂ ਮਿਲੀ ਛੁਟਕਾਰਾ
ਮੰਤਰੀ ਅਨੁਸਾਰ, ਜਨ ਔਸ਼ਧੀ ਸਕੀਮ ਦੇ ਅਧੀਨ ਮਿਲਣ ਵਾਲੀਆਂ ਦਵਾਈਆਂ ਮਾਰਕੀਟ 'ਚ ਮਿਲ ਰਹੀਆਂ ਬ੍ਰਾਂਡਡ ਦਵਾਈਆਂ ਨਾਲੋਂ 50 ਤੋਂ 80 ਫੀਸਦੀ ਸਸਤੀ ਹੁੰਦੀਆਂ ਹਨ। ਇਸ ਨਾਲ ਆਮ ਲੋਕਾਂ ਦੀ ਜੇਬ 'ਤੇ ਪੈਣ ਵਾਲਾ ਭਾਰ ਘਟਿਆ ਹੈ।
ਘਰੇਲੂ ਖਰਚੇ 'ਚ ਵੀ ਆਈ ਕਮੀ
ਅਨੁਪ੍ਰਿਆ ਪਟੇਲ ਨੇ ਕਿਹਾ ਕਿ ਸਕੀਮ ਕਾਰਨ 2014-15 'ਚ ਕੁੱਲ ਸਿਹਤ ਖਰਚਾ 62.6 ਫੀਸਦੀ ਸੀ ਜੋ ਕਿ 2021-22 'ਚ ਘੱਟ ਕੇ 39.4 ਫੀਸਦੀ ਰਹਿ ਗਿਆ ਹੈ। ਇਹ ਰਾਸ਼ਟਰੀ ਸਿਹਤ ਖਾਤਾ ਅੰਦਾਜ਼ਿਆਂ ਅਨੁਸਾਰ ਇਕ ਵੱਡੀ ਕਮੀ ਹੈ।
2027 ਤੱਕ 25,000 ਕੇਂਦਰ ਬਣਾਉਣ ਦਾ ਟੀਚਾ
ਸਰਕਾਰ ਨੇ ਹੁਣ ਜਨ ਔਸ਼ਧੀ ਸਕੀਮ ਦੀ ਪਹੁੰਚ ਹੋਰ ਵਧਾਉਣ ਲਈ 2027 ਤੱਕ ਕੁੱਲ 25,000 ਕੇਂਦਰ ਖੋਲ੍ਹਣ ਦਾ ਟੀਚਾ ਰੱਖਿਆ ਹੈ।
ਦਵਾਈਆਂ ਅਤੇ ਸਰਜੀਕਲ ਉਪਕਰਨਾਂ ਦੀ ਰੇਂਜ
ਸਕੀਮ ਦੇ ਅਧੀਨ 2,110 ਦਵਾਈਆਂ ਅਤੇ 315 ਸਰਜੀਕਲ ਸਮੱਗਰੀ, ਮੈਡੀਕਲ ਉਪਕਰਨਾਂ ਅਤੇ ਥੈਰਾਪੀਟਿਕ ਗਰੁੱਪਾਂ ਨੂੰ ਕਵਰ ਕੀਤਾ ਜਾਂਦਾ ਹੈ। ਮੰਤਰੀ ਅਨੁਸਾਰ ਇਸ 'ਚ ਕੁੱਲ 61 ਕਿਸਮ ਦੇ ਸਰਜੀਕਲ ਉਪਕਰਨ ਵੀ ਸ਼ਾਮਲ ਹਨ।
ਵਿਕਰੀ ਅੰਕੜੇ ਵੀ ਦੱਸੇ
ਉਨ੍ਹਾਂ ਦੱਸਿਆ ਕਿ 2023-24 'ਚ 1,470 ਕਰੋੜ ਰੁਪਏ ਅਤੇ 2024-25 'ਚ 2,022.47 ਕਰੋੜ ਰੁਪਏ ਦੇ ਐੱਮਆਰਪੀ ਮੁੱਲ ਵਾਲੀਆਂ ਦਵਾਈਆਂ ਜਨ ਔਸ਼ਧੀ ਕੇਂਦਰਾਂ ਰਾਹੀਂ ਵੇਚੀਆਂ ਗਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8