ਅਜੀਤ ਧੜੇ ਨੂੰ ਵੱਡਾ ਝਟਕਾ, SC ਨੇ ਚੋਣ ਪ੍ਰਚਾਰ ’ਚ ਸ਼ਰਦ ਪਵਾਰ ਦੀ ਫੋਟੋ ਦੀ ਵਰਤੋਂ ’ਤੇ ਲਗਾਈ ਰੋਕ
Thursday, Mar 14, 2024 - 08:21 PM (IST)
ਨਵੀਂ ਦਿੱਲੀ, (ਯੂ. ਐੱਨ. ਆਈ.)- ਸੁਪਰੀਮ ਕੋਰਟ ਨੇ ਵੀਰਵਾਰ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਅਜੀਤ ਪਵਾਰ ਧੜੇ ਨੂੰ ਝਟਕਾ ਦਿੰਦੇ ਹੋਏ ਉਸ ਨੂੰ ਇਹ ਹਲਫਨਾਮਾ ਦੇਣ ਲਈ ਕਿਹਾ ਹੈ ਕਿ ਉਹ ਲੋਕ ਸਭਾ ਜਾਂ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਕਿਸੇ ਵੀ ਪ੍ਰਚਾਰ ਸਮੱਗਰੀ ’ਤੇ ਸ਼ਰਦ ਪਵਾਰ ਦੀ ਫੋਟੋ ਦੀ ਵਰਤੋਂ ਨਹੀਂ ਕਰੇਗਾ।
ਜਸਟਿਸ ਸੂਰਿਆ ਕਾਂਤ ਅਤੇ ਕੇ. ਵੀ. ਵਿਸ਼ਵਨਾਥਨ ਦੀ ਬੈਂਚ ਨੇ ਅਜੀਤ ਪਵਾਰ ਧੜੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮਨਿੰਦਰ ਸਿੰਘ ਤੋਂ ਕਈ ਸਵਾਲ ਪੁੱਛੇ ਅਤੇ ਫੋਟੋ ਦੀ ਵਰਤੋਂ ਦੇ ਮਾਮਲੇ ’ਚ ਸ਼ਨੀਵਾਰ ਨੂੰ ਹਲਫਨਾਮਾ ਦਾਖਲ ਕਰਨ ਦਾ ਹੁਕਮ ਦਿੱਤਾ।
ਸੁਪਰੀਮ ਕੋਰਟ ਨੇ ਇਸ ਹੁਕਮ ਦੇ ਨਾਲ ਹੀ ਮਾਮਲੇ ਦੀ ਅਗਲੀ ਸੁਣਵਾਈ ਲਈ 18 ਮਾਰਚ ਦੀ ਤਰੀਕ ਤੈਅ ਕੀਤੀ। ਬੈਂਚ ਨੇ ਅਜੀਤ ਪਵਾਰ ਧੜੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮਨਿੰਦਰ ਸਿੰਘ ਨੂੰ ਪੁੱਛਿਆ ਕਿ ਉਸ ਨੇ ਆਉਂਦੀਆਂ ਲੋਕ ਸਭਾ ਚੋਣਾਂ ਲਈ ਪੋਸਟਰਾਂ ’ਚ ਸ਼ਰਦ ਪਵਾਰ ਦੀ ਤਸਵੀਰ ਦੀ ਵਰਤੋਂ ਕਿਉਂ ਕੀਤੀ।
ਬੈਂਚ ਨੇ ਕਿਹਾ ਕਿ ਆਪਣੀ ਪਛਾਣ ਦੇ ਨਾਲ ਰਹੋ। ਤੁਸੀਂ (ਅਜੀਤ ਪਵਾਰ) ਉਨ੍ਹਾਂ ਦੇ (ਸ਼ਰਦ ਪਵਾਰ) ਨਾਂ ਦਾ ਫਾਇਦਾ ਨਹੀਂ ਲੈ ਸਕਦੇ। ਚੋਣਾਂ ਆਉਣ ’ਤੇ ਤੁਹਾਨੂੰ ਉਨ੍ਹਾਂ ਦੇ ਨਾਂ ਦੀ ਲੋੜ ਹੁੰਦੀ ਹੈ ਅਤੇ ਜਦੋਂ ਇਹ ਖਤਮ ਹੋ ਜਾਂਦਾ ਹੈ, ਤੁਹਾਨੂੰ ਉਨ੍ਹਾਂ ਦੀ ਜ਼ਰੂਰਤ ਨਹੀਂ ਹੁੰਦੀ।