ਸੁਪਰੀਮ ਕੋਰਟ ਕਾਲੇਜੀਅਮ ਨੇ ਕੀਤੀ ਹਾਈ ਕੋਰਟਾਂ ਦੇ 23 ਜੱਜਾਂ ਦੇ ਤਬਾਦਲੇ ਦੀ ਸਿਫਾਰਿਸ਼

Saturday, Aug 12, 2023 - 10:28 AM (IST)

ਸੁਪਰੀਮ ਕੋਰਟ ਕਾਲੇਜੀਅਮ ਨੇ ਕੀਤੀ ਹਾਈ ਕੋਰਟਾਂ ਦੇ 23 ਜੱਜਾਂ ਦੇ ਤਬਾਦਲੇ ਦੀ ਸਿਫਾਰਿਸ਼

ਨਵੀਂ ਦਿੱਲੀ- ਸੁਪਰੀਮ ਕੋਰਟ ਕਾਲੇਜੀਅਮ ਨੇ ਵੱਖ-ਵੱਖ ਹਾਈ ਕੋਰਟਾਂ ਤੋਂ 23 ਜੱਜਾਂ ਦੇ ਤਬਾਦਲੇ ਦੀ ਸਿਫਾਰਿਸ਼ ਕੀਤੀ ਹੈ, ਜਿਨ੍ਹਾਂ ’ਚ ਗੁਜਰਾਤ ਹਾਈ ਕੋਰਟ ਦੇ ਜੱਜ ਹੇਮੰਤ ਐੱਮ. ਪ੍ਰੱਛਕ ਵੀ ਸ਼ਾਮਲ ਹਨ, ਜਿਨ੍ਹਾਂ ਨੇ ‘ਮੋਦੀ ਸਰਨੇਮ’ ਟਿੱਪਣੀ ਨਾਲ ਸਬੰਧਤ 2019 ਦੇ ਅਪਰਾਧਿਕ ਮਾਣਹਾਨੀ ਮਾਮਲੇ ’ਚ ਦੋਸ਼ ਸਿੱਧੀ ’ਤੇ ਰੋਕ ਲਾਉਣ ਦੀ ਅਪੀਲ ਕਰਨ ਵਾਲੀ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਪਟੀਸ਼ਨ ਖਾਰਿਜ ਕਰ ਦਿੱਤੀ ਸੀ।

ਚੀਫ ਜਸਟਿਸ ਡੀ. ਵਾਈ. ਚੰਦਰਚੂੜ, ਜਸਟਿਸ ਸੰਜੇ ਕਿਸ਼ਨ ਕੌਲ, ਜਸਟਿਸ ਸੰਜੀਵ ਖੰਨਾ, ਜਸਟਿਸ ਬੀ. ਆਰ. ਗਵਈ ਅਤੇ ਜਸਟਿਸ ਸੂਰਿਆਕਾਂਤ ਦੀ ਮੈਂਬਰੀ ਵਾਲੇ ਕਾਲੇਜੀਅਮ ਨੇ 3 ਅਗਸਤ ਨੂੰ ਹੋਈ ਆਪਣੀ ਬੈਠਕ ’ਚ ‘ਬਿਹਤਰ ਨਿਆਇਕ ਪ੍ਰਸ਼ਾਸਨ’ ਲਈ ਵੱਖ-ਵੱਖ ਹਾਈ ਕੋਰਟਾਂ ਦੇ 9 ਜੱਜਾਂ ਦੇ ਤਬਾਦਲੇ ਦੀ ਸਿਫਾਰਿਸ਼ ਕੀਤੀ। ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਅਪਲੋਡ ਕੀਤੇ ਗਏ ਕਾਲੇਜੀਅਮ ਪ੍ਰਸਤਾਵ ਅਨੁਸਾਰ ਇਨਾਂ 9 ਨਾਵਾਂ ’ਚੋਂ 4-4 ਜੱਜ ਗੁਜਰਾਤ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟਾਂ ਤੋਂ, ਜਦੋਂ ਕਿ ਇਕ ਹੋਰ ਜੱਜ ਇਲਾਹਾਬਾਦ ਹਾਈ ਕੋਰਟ ਤੋਂ ਹੈ।

ਪ੍ਰਸਤਾਵ ’ਚ ਕਿਹਾ ਗਿਆ ਕਿ ਕਾਲੇਜੀਅਮ ਨੇ ਜਸਟਿਸ ਪ੍ਰੱਛਕ ਦਾ ਤਬਾਦਲਾ ਗੁਜਰਾਤ ਹਾਈ ਕੋਰਟ ਤੋਂ ਪਟਨਾ ਹਾਈ ਕੋਰਟ ਕਰਨ ਦੀ ਸਿਫਾਰਿਸ਼ ਕੀਤੀ ਹੈ। ਕਾਲੇਜੀਅਮ ਦੇ ਪ੍ਰਸਤਾਵ ਅਨੁਸਾਰ ਗੁਜਰਾਤ ਹਾਈ ਕੋਰਟ ਦੇ ਹੋਰ ਤਿੰਨ ਜੱਜਾਂ- ਜਸਟਿਸ ਅਲਪੇਸ਼ ਵਾਈ ਕੋਗਜੇ, ਜਸਟਿਸ ਕੁਮਾਰੀ ਗੀਤਾ ਗੋਪੀ ਅਤੇ ਜਸਟਿਸ ਸਮੀਰ ਜੇ ਦਵੇ ਦਾ ਕ੍ਰਮਵਾਰ ਇਲਾਹਾਬਾਦ, ਮਦਰਾਸ ਅਤੇ ਰਾਜਸਥਾਨ ਹਾਈ ਕੋਰਟਾਂ ’ਚ ਤਬਾਦਲਾ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। 3 ਅਗਸਤ ਦੇ ਪ੍ਰਸਤਾਵ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ- ਜਸਟਿਸ ਅਰਵਿੰਦ ਸਿੰਘ ਸਾਂਗਵਾਨ, ਜਸਟਿਸ ਅਵਨੀਸ਼ ਝਿੰਗਨ, ਜਸਟਿਸ ਰਾਜਮੋਹਨ ਸਿੰਘ ਅਤੇ ਜਸਟਿਸ ਅਰੁਣ ਮੋਂਗਾ ਨੂੰ ਕ੍ਰਮਵਾਰ ਇਲਾਹਾਬਾਦ, ਗੁਜਰਾਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਹਾਈ ਕੋਰਟਾਂ ’ਚ ਟਰਾਂਸਫਰ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।

ਕਾਲੇਜੀਅਮ ਨੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਵਿਵੇਕ ਕੁਮਾਰ ਸਿੰਘ ਦਾ ਤਬਾਦਲਾ ਮਦਰਾਸ ਹਾਈ ਕੋਰਟ ਕਰਨ ਦੀ ਸਿਫਾਰਿਸ਼ ਕੀਤੀ ਹੈ। ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਅਪਲੋਡ ਕੀਤੇ ਗਏ 10 ਅਗਸਤ ਦੇ 14 ਵੱਖ-ਵੱਖ ਪ੍ਰਸਤਾਵਾਂ ’ਚ ਕਾਲੇਜੀਅਮ ਨੇ ਬਿਹਤਰ ਨਿਆਂ ਦੇਣ ਲਈ ਵੱਖ-ਵੱਖ ਹਾਈ ਕੋਰਟਾਂ ਤੋਂ 14 ਜੱਜਾਂ ਦੇ ਤਬਾਦਲੇ ਦੀ ਸਿਫਾਰਿਸ਼ ਕੀਤੀ ਹੈ।


author

Tanu

Content Editor

Related News