ਪਿਓ-ਪੁੱਤ ਨੇ 105 ਸਾਲਾ ਮਾਂ ਨੂੰ ਕਾਂਵੜ ''ਚ ਬਿਠਾ ਕਰਵਾਈ ਹਰਿਦੁਆਰ ਦੀ ਯਾਤਰਾ ! ਹਰ ਪਾਸੇ ਹੋ ਰਹੀ ਵਾਹ-ਵਾਹ

Tuesday, Aug 11, 2026 - 02:41 PM (IST)

ਪਿਓ-ਪੁੱਤ ਨੇ 105 ਸਾਲਾ ਮਾਂ ਨੂੰ ਕਾਂਵੜ ''ਚ ਬਿਠਾ ਕਰਵਾਈ ਹਰਿਦੁਆਰ ਦੀ ਯਾਤਰਾ ! ਹਰ ਪਾਸੇ ਹੋ ਰਹੀ ਵਾਹ-ਵਾਹ

ਸੰਭਲ (ਉੱਤਰ ਪ੍ਰਦੇਸ਼)- ਸਾਵਣ ਮਹੀਨੇ 'ਚ ਲੱਖਾਂ ਕਾਂਵੜੀਏ ਜਿੱਥੇ ਭਗਤੀ ਅਤੇ ਸ਼ਰਧਾ ਨਾਲ ਗੰਗਾਜਲ ਲੈ ਕੇ ਆ ਰਹੇ ਹਨ, ਉੱਥੇ ਹੀ ਸੰਭਲ ਦੇ ਇਕ ਸ਼ਿਵ ਭਗਤ ਨੇ ਆਪਣੀ ਕਾਂਵੜ ਨੂੰ ਮਾਂ ਦੀ ਸੇਵਾ ਦਾ ਰੂਪ ਦੇ ਕੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ। ਚੰਦੌਸੀ ਤਹਿਸੀਲ ਦੇ ਖੇਤਾਪੁਰ ਪਿੰਡ ਦੇ ਜੋਗਿੰਦਰ (52) ਨੇ ਆਪਣੇ ਬੇਟੇ ਪ੍ਰਮੋਦ (26) ਨਾਲ 105 ਸਾਲਾ ਮਾਂ ਹਰਦੇਈ ਨੂੰ ਹਰਿਦੁਆਰ ਤੋਂ ਕਾਂਵੜ 'ਚ ਬਿਠਾ ਕੇ ਕਰੀਬ 200 ਕਿਲੋਮੀਟਰ ਪੈਦਲ ਤੁਰ ਕੇ ਸੋਮਵਾਰ ਨੂੰ ਘਰ ਆਏ।

ਜੋਗਿੰਦਰ ਦੇ ਮੋਢਿਆਂ 'ਤੇ ਕਾਂਵੜ ਦੇ ਇਕ ਪਲੜੇ 'ਚ 28 ਲੀਟਰ ਗੰਗਾਜਲ ਸੀ ਤਾਂ ਦੂਜੇ ਪਲੜੇ 'ਚ ਉਸ ਦੀ ਮਾਂ ਬੈਠੀ ਸੀ। ਜਿੱਥੋਂ-ਜਿੱਥੋਂ ਇਹ ਅਨੋਖਾ ਕਾਂਵੜ ਲੰਘਿਆ, ਲੋਕਾਂ ਨੇ ਨਮਨ ਕੀਤਾ। ਚਮਸ਼ਦੀਦਾਂ ਨੇ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ। ਜਿਵੇਂ ਹੀ ਜੋਗਿੰਦਰ ਆਪਣੀ ਕਾਂਵੜ ਨਾਲ ਸੰਭਲ ਪਹੁੰਚਿਆ, ਸੜਕ ਕਿਨਾਰੇ ਸ਼ਰਧਾਲੂਆਂ ਅਤੇ ਰਾਹਗੀਰਾਂ ਦੀ ਭੀੜ ਜੁਟ ਗਈ। ਪੂਰੇ ਰਸਤੇ ਲੋਕ ਉਨ੍ਹਾਂ ਦੀ ਮਾਂ ਭਗਤੀ ਅਤੇ ਸ਼ਿਵ ਭਗਤੀ ਦੀ ਪ੍ਰਸ਼ੰਸਾ ਕਰਦੇ ਰਹੇ। ਜੋਗਿੰਦਰ ਨੇ ਦੱਸਿਆ,''ਮੇਰਾ ਸੁਪਨਾ ਸੀ ਕਿ ਆਪਣੀ 105 ਸਾਲਾ ਮਾਂ ਨੂੰ ਹਰਿਦੁਆਰ 'ਚ ਗੰਗਾ ਇਸ਼ਨਾਨ ਕਰਵਾਵਾਂ।

ਇਸ ਲਈ ਆਪਣੇ ਬੇਟੇ ਨਾਲ ਹਰਿਦੁਆਰ ਗਿਆ ਅਤੇ ਉੱਥੋਂ ਕਾਂਵੜ ਦੇ ਇਕ ਪਲੜੇ 'ਚ ਗੰਗਾ ਜਲ ਅਤੇ ਦੂਜੇ 'ਚ ਮਾਂ ਨੂੰ ਬਿਠਾ ਕੇ ਪੈਦਲ ਆਇਆ।'' ਉਸ ਨੇ ਦੱਸਿਆ ਕਿ ਉਹ 28 ਜੁਲਾਈ ਨੂੰ ਹਰਿਦੁਆਰ ਤੋਂ ਤੁਰੇ ਸਨ ਅਤੇ 9 ਦਿਨਾਂ ਬਾਅਦ ਅੱਜ ਸੰਭਲ ਪਹੁੰਚੇ ਹਨ ਅਤੇ ਹੁਣ ਮੰਗਲਵਾਰ ਨੂੰ ਸ਼ਿਵ ਤੇਰਸ 'ਤੇ ਉਹ ਆਪਣੀ ਮਾਂ ਨਾਲ ਗੰਗਾਜਲ ਨਾਲ ਭੋਲੇ ਬਾਬਾ ਦਾ ਜਲਭਿਸ਼ੇਕ ਕਰਨਗੇ। ਜੋਗਿੰਦਰ ਦੇ ਪੁੱਤ ਪ੍ਰਮੋਦ ਨੇ ਕਿਹਾ,''ਸਾਡਾ ਅਤੇ ਪਿਤਾ ਜੀ ਦਾ ਸੁਪਨਾ ਸੀ ਕਿ ਦਾਦੀ ਨੂੰ ਇਕ ਵਾਰ ਗੰਗਾ ਇਸ਼ਨਾਨ ਕਰਵਾ ਕੇ ਲਿਆਈਏ। ਇਸ ਵਾਰ ਮੌਕਾ ਮਿਲਿਆ ਤਾਂ ਪੂਰਾ ਕਰ ਲਿਆ। ਹਰਿਦੁਆਰ ਤੋਂ ਇੱਥੇ ਤੱਕ ਆਉਣ 'ਚ 9 ਦਿਨ ਲੱਗੇ। 

ਇਸ ਕਾਂਵੜ ਦਾ ਭਾਰ ਕਰੀਬ 65 ਕਿਲੋ ਹੈ, ਜਿਸ 'ਚ 28 ਲੀਟਰ ਗੰਗਾਜਲ ਹੈ। ਇਹ ਆਸਥਾ ਸੀ ਤਾਂ ਲੈ ਆਏ, ਸੁਪਨਾ ਪੂਰਾ ਹੋ ਗਿਆ।'' ਹਰਦੇਈ ਨੇ ਕਿਹਾ,''ਮੇਰੇ ਬੇਟੇ ਅਤੇ ਪੋਤੇ ਨੇ ਬਹੁਤ ਵਧੀਆ ਕੰਮ ਕੀਤਾ ਹੈ। ਮੈਨੂੰ ਬਹੁਤ ਖੁਸ਼ੀ ਹੈ।'' ਇਹ ਕਹਿੰਦੇ ਹੋਏ ਭਾਵੁਕ ਹੋ ਗਈ। ਲੋਕਾਂ ਦਾ ਕਹਿਣਾ ਹੈ ਕਿ ਜੋਗਿੰਦਰ ਦੀ ਇਹ ਕਾਂਵੜ ਇਸ ਸਾਵਣ 'ਚ ਮਾਂ ਭਗਤੀ ਦੀ ਸਭ ਤੋਂ ਅਨੋਖੀ ਮਿਸਾਲ ਬਣ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News