ਸਤਿਸੰਗ ਗੁਰੂ ਨਾਨਕ ਦਰਬਾਰ ਟਰੱਸਟ ਨੇ ਹੋਣਹਾਰ ਬੱਚੀਆਂ ਨੂੰ ਮੁਫ਼ਤ ਲੈਪਟਾਪ ਵੰਡੇ

Tuesday, Sep 19, 2023 - 03:58 PM (IST)

ਨਵੀਂ ਦਿੱਲੀ- ਗੁਰਦੁਆਰਾ ਸਤਿਸੰਗ ਗੁਰੂ ਨਾਨਕ ਦਰਬਾਰ ਲਾਜਪਤ ਨਗਰ ਦੀ ਸਰਪ੍ਰਸਤੀ ਹੇਠ ਚਲਾਏ ਜਾ ਰਹੇ ਸਤਿਸੰਗ ਗੁਰੂ ਨਾਨਕ ਦਰਬਾਰ ਟਰੱਸਟ ਨੇ ਦੱਖਣੀ ਦਿੱਲੀ ਅਤੇ ਪੱਛਮੀ ਦਿੱਲੀ ਦੇ ਗਰੀਬ ਪਰਿਵਾਰਾਂ ਨਾਲ ਸਬੰਧਤ 26 ਹੋਣਹਾਰ ਵਿਦਿਆਰਥੀਆਂ ਨੂੰ i3 ਬ੍ਰਾਂਡ ਦੇ HP ਲੈਪਟਾਪ ਵੰਡੇ। ਇਸ ਸਮਾਗਮ ਵਿਚ ਪੰਜਾਬ ਐਂਡ ਸਿੰਧ ਬੈਂਕ ਦੇ ਚੇਅਰਮੈਨ ਡਾ: ਚਰਨ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਸਾਦੇ ਸਮਾਗਮ ਵਿਚ ਇਨ੍ਹਾਂ ਵਿਦਿਆਰਥਣਾਂ ਨੂੰ ਲੈਪਟਾਪ ਵੰਡੇ।

ਸਤਿਸੰਗ ਗੁਰੂ ਨਾਨਕ ਦਰਬਾਰ ਟਰੱਸਟ ਦੇ ਚੇਅਰਮੈਨ ਸਰਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਸਿੱਖ ਕੌਮ ਦੀ ਲੰਗਰ ਪਰੰਪਰਾ ਨੂੰ ਅੱਗੇ ਤੋਰਨ ਲਈ ਗੁਰਦੁਆਰਾ ਸਤਿਸੰਗ ਗੁਰੂ ਨਾਨਕ ਦਰਬਾਰ ਲਾਜਪਤ ਨਗਰ ਦੇ ਪ੍ਰਬੰਧਕਾਂ ਨੇ ਫੈਸਲਾ ਕੀਤਾ ਹੈ ਕਿ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਵਿਚ ਦਿੱਤੇ ਜਾਣ ਵਾਲੇ ਦਾਨ ਦੀ ਕੁੱਲ 5 ਫੀਸਦੀ ਰਾਸ਼ੀ ਗਰੀਬ ਲੋਕਾਂ ਦੀ ਭਲਾਈ/ਚੈਰੀਟੇਬਲ ਕੰਮਾਂ ਵਿਚ ਖਰਚ ਕੀਤੀ ਜਾਵੇਗੀ ਅਤੇ ਇਹ ਸਮਾਗਮ ਇਸੇ ਲੜੀ ਦਾ ਪਹਿਲਾ ਹਿੱਸਾ ਹੈ।

ਗੁਰਦੁਆਰਾ ਮੈਨੇਜਮੈਂਟ ਦੁਆਰਾ ਮੁਫ਼ਤ ਲੈਪਟਾਪ ਵੰਡਣ ਲਈ ਸਾਲ 2022-2023 ਦੀ ਸੀ.ਬੀ.ਐੱਸ.ਈ. ਦੀ ਸਾਲਾਨਾ ਪ੍ਰੀਖਿਆ ਪਾਸ ਕਰਨ ਵਾਲੀਆਂ ਗਰੀਬ ਪਰਿਵਾਰਾਂ ਦੀਆਂ ਹੋਣਹਾਰ ਲੜਕੀਆਂ ਤੋਂ ਮੁਫ਼ਤ ਲੈਪਟਾਪ ਮੁਹੱਈਆ ਕਰਵਾਉਣ ਲਈ ਅਰਜ਼ੀਆਂ ਮੰਗੀਆਂ, ਜਿਨ੍ਹਾਂ ਵਿੱਚੋਂ ਕੁੱਲ 47 ਲੜਕੀਆਂ ਨੇ ਅਪਲਾਈ ਕੀਤਾ, ਬਿਨਾਂ ਜਾਤ, ਧਰਮ ਆਦਿ ਦੇ ਭੇਦਭਾਵ ਦੇ ਕੁੱਲ 26 ਲੜਕੀਆਂ ਦੀ ਚੋਣ ਕੀਤੀ ਗਈ ਜਿਨ੍ਹਾਂ ਨੇ ਸੀ.ਬੀ.ਐੱਸ.ਈ. 10+2 ਦੀ ਪ੍ਰੀਖਿਆ ਵਿਚ 85 ਫੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਸਨ। ਇਸ ਵਿਚ ਸਾਇੰਸ ਸਟਰੀਮ ਵਿਚ ਪ੍ਰਭਜੋਤ ਕੌਰ, ਕਾਮਰਸ ਸਟਰੀਮ ਵਿਚ ਅਜ਼ੀਮਾ ਖਾਤੂਨ ਅਤੇ ਆਰਟਸ ਸਟਰੀਮ ਵਿਚ ਆਭਾ ਰਾਵਤ ਨੂੰ ਟਾਪਰ ਐਲਾਨਿਆ ਗਿਆ।

ਇਸ ਮੌਕੇ ਦਿੱਲੀ ਹਾਈਕੋਰਟ ਦੇ ਸਾਬਕਾ ਜਸਟਿਸ ਜੀ.ਐੱਸ. ਸਿਸਤਾਨੀ ਅਤੇ ਜਸਟਿਸ ਤਲਵੰਤ ਸਿੰਘ ਸਮੇਤ ਕਈ ਬੁਲਾਰਿਆਂ ਨੇ ਹੋਣਹਾਰ ਬੱਚਿਆਂ ਨੂੰ ਮਿਹਨਤ ਅਤੇ ਲਗਨ ਨਾਲ ਜ਼ਿੰਦਗੀ ਵਿਚ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਅਤੇ ਸਿੱਖ ਕੌਮ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਬੱਚਿਆਂ ਨੂੰ ਸਿੱਖ ਰਵਾਇਤਾਂ ਅਨੁਸਾਰ ਅਤੁੱਟ ਲੰਗਰ ਵੀ ਵਰਤਾਇਆ ਗਿਆ।


Rakesh

Content Editor

Related News