ਲਾਕਡਾਊਨ ਦੌਰਾਨ ਰਿਸ਼ਤੇਦਾਰਾਂ ਦੇ ਘਰੋਂ ਪਿੰਡ ਪਰਤੀ ਮਾਂ ਨੂੰ ਸਰਪੰਚ ਪੁੱਤਰ ਨੇ ਭੇਜਿਆ ਵਾਪਸ
Thursday, Apr 16, 2020 - 04:31 PM (IST)
ਹੈਦਰਾਬਾਦ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦੇ ਮੱਦੇਨਜ਼ਰ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ। ਦੇਸ਼ ਦੇ ਕਈ ਹਿੱਸਿਆਂ 'ਚ ਇਸ ਦੀ ਸਖਤਾਈ ਨਾਲ ਪਾਲਣ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਹੈਦਰਾਬਾਦ ਦੇ ਇਕ ਪਿੰਡ 'ਚ ਸਰਪੰਚ ਨੇ ਲਾਕਡਾਊਨ ਦੀ ਅਜਿਹੀ ਸਖਤਾਈ ਦਿਖਾਈ ਹੈ ਕਿ ਉਸ ਨੇ ਰਿਸ਼ਤੇਦਾਰੀ 'ਚੋਂ ਵਾਪਸ ਆਈ ਆਪਣੀ ਮਾਂ ਨੂੰ ਵੀ ਪਿੰਡ 'ਚ ਦਾਖਲ ਹੋਣ ਤੋਂ ਰੋਕ ਦਿੱਤਾ ਅਤੇ ਉੱਥੋ ਹੀ ਵਾਪਸ ਭੇਜ ਦਿੱਤਾ।
ਦੱਸਣਯੋਗ ਹੈ ਕਿ ਇੱਥੋ ਦੇ ਸੰਗਾਰੈੱਡੀ ਜ਼ਿਲੇ ਦੇ ਸਿਰਗਾਪੁਰ ਮੰਡਲ 'ਚ ਗੋਸਾਈਪੱਲੀ ਪਿੰਡ ਦੇ ਸਰਪੰਚ ਸਾਈਗੌੜ ਦੀ ਮਾਂ ਤੁਲਸਮਾ ਸਿਰਗਾਪੁਰ 'ਚ ਆਪਣੇ ਰਿਸ਼ਤੇਦਾਰਾਂ 'ਚ ਗਈ ਸੀ। ਉਸ ਤੋਂ ਬਾਅਦ ਕੋਰੋਨਾ ਦੇ ਮਾਮਲੇ ਵੱਧ ਗਏ ਤਾਂ ਪਿੰਡ ਦੀ ਸੀਮਾ ਦੇ ਅੰਦਰ ਨਾ ਤਾਂ ਕਿਸੇ ਨੂੰ ਦਾਖਲ ਹੋਣ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਕੋਈ ਬਾਹਰ ਜਾ ਰਿਹਾ ਹੈ। ਇਸ ਦੌਰਾਨ ਜਦੋਂ ਤੁਲਸਮਾ ਆਪਣੇ ਪਿੰਡ ਵਾਪਸ ਪਰਤੀ ਤਾਂ ਉਸ ਨੂੰ ਪਿੰਡ 'ਚ ਦਾਖਲ ਨਹੀਂ ਹੋਣ ਦਿੱਤਾ ਗਿਆ। ਉਸ ਦਾ ਪੁੱਤਰ ਜੋ ਕਿ ਸਰਪੰਚ ਸੀ, ਉਸ ਨੇ ਸਪੱਸ਼ਟ ਕਿਹਾ ਕਿ ਨਿਯਮ ਅਤੇ ਕਾਨੂੰਨ ਸਾਰਿਆਂ ਲਈ ਬਰਾਬਰ ਲਾਗੂ ਹੁੰਦੇ ਹਨ। ਇਸ ਕਾਰਨ ਤੁਲਸਮਾ ਨੂੰ ਫਿਰ ਰਿਸ਼ਤੇਦਾਰਾਂ ਕੋਲ ਵਾਪਸ ਜਾਣਾ ਪਿਆ।