ਕਿਸਾਨ 5 ਜੂਨ ਨੂੰ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਮਨਾਉਣਗੇ 'ਸੰਪੂਰਨ ਕ੍ਰਾਂਤੀ ਦਿਵਸ'
Sunday, May 30, 2021 - 09:56 AM (IST)
ਨਵੀਂ ਦਿੱਲੀ- ਸੰਯੁਕਤ ਕਿਸਾਨ ਮੋਰਚਾ ਨੇ ਸ਼ਨੀਵਾਰ ਨੂੰ ਕਿਹਾ ਕਿ ਕਿਸਾਨ 5 ਜੂਨ ਨੂੰ ਭਾਜਪਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਦਫ਼ਤਰਾਂ ਦੇ ਸਾਹਮਣੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ 'ਸੰਪੂਰਨ ਕ੍ਰਾਂਤੀ ਦਿਵਸ' ਮਨਾਉਣਗੇ। ਪਿਛਲੇ ਸਾਲ ਇਸੇ ਦਿਨ ਆਰਡੀਨੈਂਸ ਲਾਗੂ ਕੀਤੇ ਗਏ ਸਨ। ਆਰਡੀਨੈਂਸ ਲਾਗੂ ਹੋਣ ਤੋਂ ਬਾਅਦ ਪਿਛਲੇ ਸਾਲ ਸਤੰਬਰ 'ਚ ਸੰਸਦ 'ਚ ਤਿੰਨੋਂ ਕਾਨੂੰਨ ਪਾਸ ਕੀਤੇ ਏ ਅਤੇ ਬਾਅਦ 'ਚ ਰਾਸ਼ਟਰਪਤੀ ਨੇ ਇਸ 'ਤੇ ਮਨਜ਼ੂਰੀ ਦੇ ਦਿੱਤੀ। ਕੇਂਦਰ ਦੇ ਤਿੰਨੋਂ ਕਾਨੂੰਨਾਂ ਨੂੰ ਵਾਪਸ ਲਏ ਜਾਣ ਅਤੇ ਆਪਣੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਕਿਸਾਨ ਪਿਛਲੇ ਸਾਲ ਨਵੰਬਰ ਤੋਂ ਹੀ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਪ੍ਰਦਰਸ਼ਨ 'ਚ ਸ਼ਾਮਲ 40 ਤੋਂ ਵੱਧ ਕਿਸਾਨ ਸੰਗਠਨਾਂ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ 5 ਜੂਨ 1974 ਨੂੰ ਜੈਪ੍ਰਕਾਸ਼ ਨਾਰਾਇਣ ਨੇ ਸੰਪੂਰਨ ਕ੍ਰਾਂਤੀ ਦਾ ਐਲਾਨ ਕੀਤਾ ਸੀ ਅਤੇ ਸਾਬਕਾ ਕੇਂਦਰ ਸਰਕਾਰ ਵਿਰੁੱਧ ਜਨ ਅੰਦੋਲਨ ਸ਼ੁਰੂ ਕੀਤਾ ਸੀ। ਪਿਛਲੇ ਸਾਲ ਸਰਕਾਰ ਨੇ 5 ਜੂਨ ਨੂੰ ਹੀ ਆਰਡੀਨੈਂਸ ਦੇ ਤੌਰ 'ਤੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਪੇਸ਼ ਕੀਤਾ ਸੀ।''
ਇਹ ਵੀ ਪੜ੍ਹੋ : ਕਿਸਾਨਾਂ ਨੂੰ ਮਿਲਿਆ ਪਾਨੀਪਤ ਬਾਰ ਐਸੋਸੀਏਸ਼ਨ ਦਾ ਸਮਰਥਨ, 10 ਜੂਨ ਨੂੰ ਕਰਣਗੇ ਦਿੱਲੀ ਕੂਚ
ਕਿਸਾਨ ਸੰਗਠਨ ਨੇ ਕਿਹਾ,''ਸੰਯੁਕਤ ਕਿਸਾਨ ਮੋਰਚਾ ਨੇ 5 ਜੂਨ ਨੂੰ ਦੇਸ਼ ਭਰ 'ਚ ਸੰਪੂਰਨ ਕ੍ਰਾਂਤੀ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਹੈ। ਅਸੀਂ ਨਾਗਰਿਕਾਂ ਤੋਂ ਭਾਜਪਾ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਪ੍ਰਤੀਨਿਧੀਆਂ ਦੇ ਦਫ਼ਤਰਾਂ ਦੇ ਸਾਹਮਣੇ ਤਿੰਨੋਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦੀ ਅਪੀਲ ਕਰਦੇ ਹਨ। ਇਸ ਨੂੰ ਜਨ ਅੰਦੋਲਨ ਬਣਾਇਆ ਜਾਵੇ ਅਤੇ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਕੀਤਾ ਜਾਵੇ।'' ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸ਼ਨੀਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਦਿੱਤੀ ਅਤੇ ਖੇਤੀ, ਕਿਸਾਨਾਂ ਅਤੇ ਪਿੰਡਾਂ ਦੇ ਵਿਕਾਸ 'ਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਸੰਯੁਕਤ ਕਿਸਾਨ ਮੋਰਚਾ ਅਨੁਸਾਰ ਪੰਜਾਬ ਦੇ ਦੁਆਬਾ ਤੋਂ ਕਿਸਾਨਾਂ ਦਾ ਇਕ ਵੱਡਾ ਜੱਥਾ ਸ਼ਨੀਵਾਰ ਨੂੰ ਸਿੰਘੂ ਬਾਰਡਰ 'ਤੇ ਪਹੁੰਚਿਆ ਹੈ ਅਤੇ ਆਉਣ ਵਾਲੇ ਦਿਨਾਂ 'ਚ ਕਈ ਹੋਰ ਕਿਸਾਨਾਂ ਦੇ ਅੰਦੋਲਨ ਨਾਲ ਜੁੜਨ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : PM ਮੋਦੀ ਦਾ ਐਲਾਨ, ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਨੂੰ ਦਿੱਤਾ ਜਾਵੇਗਾ 10 ਲੱਖ ਦਾ ਫੰਡ