ਨਹੀਂ ਦਿੱਤਾ GST ਦਰਾਂ ਘਟਣ ਦਾ ਫਾਇਦਾ, ਹੁਣ Samsung ਨੂੰ ਲੱਗਾ 37.85 ਲੱਖ ਰੁਪਏ ਦਾ ਜੁਰਮਾਨਾ

Tuesday, Mar 03, 2020 - 06:36 PM (IST)

ਨਵੀਂ ਦਿੱਲੀ — ਨੈਸ਼ਨਲ ਐਂਟੀ-ਪ੍ਰੋਫੈਟਿੰਗ ਅਥਾਰਟੀ(NAA) ਨੇ ਦੱਖਣੀ ਕੋਰੀਆ ਦੀ ਇਲੈਕਟ੍ਰਾਨਿਕਸ ਕੰਪਨੀ ਸੈਮਸੰਗ 'ਤੇ 37.85 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। GST 'ਚ ਕਟੌਤੀ ਦਾ ਬਣਦਾ ਲਾਭ ਟੀ.ਵੀ. ਗਾਹਕਾਂ ਨੂੰ ਨਾ ਦੇਣ ਕਾਰਨ ਕੰਪਨੀ 'ਤੇ ਇਹ ਕਾਰਵਾਈ ਹੋਈ ਹੈ। ਅਥਾਰਟੀ ਨੇ ਆਦੇਸ਼ ਵਿਚ ਕਿਹਾ ਕਿ ਕੰਪਨੀ 'ਤੇ ਜੁਰਮਾਨਾ 32 ਇੰਚ ਟੀ.ਵੀ. ਸੈੱਟ 'ਤੇ GST 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕੀਤੇ ਜਾਣ ਦੇ ਬਾਵਜੂਦ ਕੀਮਤਾਂ ਵਿਚ ਕਮੀ ਨਾ ਕਰਨ ਕਾਰਨ ਇਹ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਪਾਵਰ ਬੈਂਕ ਦੀਆਂ ਕੀਮਤਾਂ 'ਚ ਕਮੀ ਨਾ ਕਰਨ 'ਤੇ ਵੀ ਕੰਪਨੀ 'ਤੇ 29,736 ਰੁਪਏ ਦਾ ਵਾਧੂ ਜੁਰਮਾਨਾ ਲਗਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ GST ਕੌਂਸਲ ਦੀ ਸਲਾਹ 'ਤੇ ਕੇਂਦਰ ਸਰਕਾਰ ਨੇ ਜਨਵਰੀ 'ਚ ਟੀ.ਵੀ. ਅਤੇ ਪਾਵਰ ਬੈਂਕ 'ਤੇ GST ਦਰਾਂ 'ਚ ਕਟੌਤੀ ਕੀਤੀ ਸੀ। ਸੈਮਸੰਗ 'ਤੇ ਇਹ ਜੁਰਮਾਨਾ ਇਕ ਉਪਭੋਗਤਾ ਦੀ ਸ਼ਿਕਾਇਤ 'ਤੇ ਹੋਈ ਜਾਂਚ ਦੇ ਬਾਅਦ ਕੀਤਾ ਗਿਆ ਹੈ। ਕੰਪਨੀ ਨੇ ਆਪਣੀ ਦਲੀਲ ਵਿਚ ਕਿਹਾ ਸੀ ਕਿ ਉਸਨੇ ਸਿੱਧੇ ਰੂਪ ਨਾਲ ਉਪਭੋਗਤਾ ਨੂੰ ਇਹ ਉਤਪਾਦ ਨਹੀਂ ਵੇਚਿਆ ਹੈ ਉਸਦੀ ਖਰੀਦਦਾਰੀ ਈ-ਕਾਮਰਸ ਜ਼ਰੀਏ ਕੀਤੀ ਗਈ ਹੈ।

ਰੈਗੂਲੇਟਰੀ ਨੇ ਜਾਂਚ ਦੌਰਾਨ ਕੰਪਨੀ ਦੀਆਂ ਦਲੀਲਾਂ ਨੂੰ ਸਹੀ ਨਹੀਂ ਮੰਨਿਆ ਜਿਸ ਤੋਂ ਬਾਅਦ ਕਾਰਵਾਈ ਦਾ ਫੈਸਲਾ ਲਿਆ ਗਿਆ। ਇਸ ਤੋਂ ਪਹਿਲਾਂ GST ਦੀਆਂ ਦਰਾਂ ਘਟਾਉਣ ਦਾ ਫਾਇਦਾ ਨਾ ਦੇਣ ਕਾਰਨ ਪਿਛਲੇ ਸਾਲ ਜਾਨਸਨ ਐਂਡ ਜਾਨਸਨ 'ਤੇ 230 ਕਰੋੜ ਦਾ ਜੁਰਮਾਨਾ ਲਗਾਇਆ ਗਿਆ ਸੀ। ਇਸ ਤੋਂ ਇਲਾਵਾ ਐਫ.ਐਮ.ਸੀ.ਜੀ. ਕੰਪਨੀ P&G 'ਤੇ 250 ਕਰੋੜ ਰੁਪਏ ਅਤੇ ਨੈਸਲੇ ਇੰਡੀਆ 'ਤੇ ਵੀ 100 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ।


Related News