ਆਫ ਦ ਰਿਕਾਰਡ ; ਪਿਤ੍ਰੋਦਾ ਦਾ ਮੋਦੀ ਕੁਨੈਕਸ਼ਨ

Saturday, Nov 21, 2026 - 09:40 AM (IST)

ਆਫ ਦ ਰਿਕਾਰਡ ; ਪਿਤ੍ਰੋਦਾ ਦਾ ਮੋਦੀ ਕੁਨੈਕਸ਼ਨ

ਹੋ ਸਕਦਾ ਹੈ ਕਿ ਮੇਨਕਾ ਗਾਂਧੀ ਸੋਨੀਆ ਗਾਂਧੀ ਦੀ ਕਿਤਾਬ ਨਾਲ ਜੁੜੇ ਵਿਵਾਦ ’ਚ ਪੈਣ ਤੋਂ ਬਚ ਗਈ ਹੋਵੇ ਪਰ ਗਾਂਧੀ ਪਰਿਵਾਰ ਦੇ ਕਰੀਬੀ ਸਹਿਯੋਗੀ ਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਸੈਮ ਪਿਤ੍ਰੋਦਾ ਨੇ ਇਕ ਤਰ੍ਹਾਂ ਨਾਲ ਭਾਜਪਾ ਲਈ ਚੀਜ਼ਾਂ ਨੂੰ ਸੌਖਾ ਬਣਾ ਦਿੱਤਾ ਹੈ। ਪਿਤ੍ਰੋਦਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੂਬ ਸ਼ਲਾਘਾ ਕੀਤੀ। ਉਨ੍ਹਾਂ ਨੂੰ ਆਪਣਾ ‘ਗੁਜਰਾਤੀ ਦੋਸਤ’ ਦੱਸਿਆ ਤੇ ਕਿਹਾ ਕਿ ਉਹ ਉਨ੍ਹਾਂ ਦਾ ਸਤਿਕਾਰ ਕਰਦੇ ਹਨ।

ਪਿਤ੍ਰੋਦਾ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਸੋਨੀਆ ਗਾਂਧੀ ਨੇ ਆਪਣੀ ਕਿਤਾਬ ’ਚ ਮੋਦੀ ਤੇ ਉਨ੍ਹਾਂ ਦੀਆਂ ਨੀਤੀਆਂ ਦੀ ਤਿੱਖੀ ਆਲੋਚਨਾ ਕੀਤੀ ਹੈ। ਰਾਹੁਲ ਗਾਂਧੀ ਨੇ ਵੀ ਉਨ੍ਹਾਂ ਦੀ ਸਖ਼ਤ ਆਲੋਚਨਾ ਕੀਤੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪਿਤ੍ਰੋਦਾ ਇਸ ਸਮੇਂ ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ਦੇ ਮੁੱਖ ਪ੍ਰਬੰਧਕ ਬਣੇ ਹੋਏ ਹਨ। ਰਾਹੁਲ ਕੋਲੰਬੀਆ ਤੇ ਸ਼ਿਕਾਗੋ ਯੂਨੀਵਰਸਿਟੀ ਦੇ ਦੌਰੇ ’ਤੇ ਹਨ।

ਪਿਤ੍ਰੋਦਾ ਤੇ ਮੋਦੀ ਦਰਮਿਆਨ ਗੁਜਰਾਤੀ ਕੁਨੈਕਸ਼ਨ ਜਾਣਨਾ ਚਾਹੁੰਦੇ ਹੋ? ਉਹ ਵਿਅਕਤੀ ਦਿਨੇਸ਼ ਤ੍ਰਿਵੇਦੀ ਹੈ, ਜਿਸ ਨੂੰ ਹਾਲ ਹੀ ’ਚ ਬੰਗਲਾਦੇਸ਼ ’ਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਇਹ ਕੋਈ ਭੇਤ ਨਹੀਂ ਹੈ ਕਿ ਤ੍ਰਿਵੇਦੀ ਮੋਦੀ ਦੇ ਬਹੁਤ ਨੇੜੇ ਰਹੇ ਹਨ ਤੇ ਇਹ ਉਹੀ ਸਨ ਜਿਨ੍ਹਾਂ ਨੇ ਪਿਤ੍ਰੋਦਾ ਨੂੰ ਮੋਦੀ ਨਾਲ ਮਿਲਾਇਆ ਸੀ।

ਪਿਤ੍ਰੋਦਾ ਨੇ ਆਪਣਾ ਕੰਮ ਕਰ ਦਿੱਤਾ ਤੇ ਸੁਰਖੀਆਂ ਬਟੋਰੀਆਂ। ਇਸ ਨਾਲ ਕਾਂਗਰਸ ਨੂੰ ਬਚਾਅ ਪੱਖ ’ਤੇ ਜਾਣ ਲਈ ਮਜਬੂਰ ਹੋਣਾ ਪਿਆ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਝਿਜਕਦਿਆਂ ਕਿਹਾ ਕਿ ਪਿਤ੍ਰੋਦਾ ਦੇ ਵਿਚਾਰ ਪਾਰਟੀ ਦੇ ਬਿਲਕੁਲ ਨਹੀਂ ਹਨ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਿਤ੍ਰੋਦਾ ਨੇ ਅਜਿਹਾ ਕੀਤਾ। ਪਹਿਲਾਂ ਕਾਂਗਰਸ ਲੀਡਰਸ਼ਿਪ ਨੇ ਆਪਣੇ ਨਿੱਜੀ ਵਿਚਾਰਾਂ ਜਿਵੇਂ ਕਿ 2024 ’ਚ ਵਿਰਾਸਤ ਟੈਕਸ ’ਤੇ ਉਨ੍ਹਾਂ ਦੀਆਂ ਟਿੱਪਣੀਆਂ ਜਾਂ 2025 ’ਚ ਚੀਨ ’ਤੇ ਉਨ੍ਹਾਂ ਦੇ ਬਿਆਨਾਂ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਸੀ ਪਰ ਉਨ੍ਹਾਂ ਨੂੰ ਅਜੇ ਵੀ ਪਾਰਟੀ ਦੇ ਵਿਦੇਸ਼ੀ ਵਿੰਗ ਦੇ ਮੁਖੀ ਵਜੋਂ ਬਰਕਰਾਰ ਰੱਖਿਆ ਗਿਆ ਹੈ।

ਦਿਲਚਸਪ ਗੱਲ ਇਹ ਹੈ ਕਿ ਪਿਤ੍ਰੋਦਾ ਰਾਹੁਲ ਗਾਂਧੀ ਨਾਲ ਸ਼ਿਕਾਗੋ ਗਏ ਜਿੱਥੇ ਰਾਾਹੁਲ ਨੇ ਕਈ ਮੁੱਦਿਆਂ ’ਤੇ ਲੰਮੀ ਗੱਲਬਾਤ ਕੀਤੀ। ਇਸ ਤੋਂ ਸਪੱਸ਼ਟ ਹੈ ਕਿ ਪਿਤ੍ਰੋਦਾ ਦਾ ਗਾਂਧੀ ਪਰਿਵਾਰ ਨਾਲ ਰਿਸ਼ਤਾ ਅਜੇ ਵੀ ਕਾਇਮ ਹੈ।


author

Harpreet SIngh

Content Editor

Related News