ਵਿਆਹ ਦੀਆਂ ਖ਼ੁਸ਼ੀਆਂ ਗ਼ਮ ''ਚ ਬਦਲੀਆਂ ! ਲਾੜੇ ਦੇ 4 ਯਾਰਾਂ ਸਣੇ 7 ਜਣਿਆਂ ਦੀ ਸੜਕ ਹਾਦਸੇ ''ਚ ਮੌਤ

Friday, Nov 20, 2026 - 08:45 PM (IST)

ਵਿਆਹ ਦੀਆਂ ਖ਼ੁਸ਼ੀਆਂ ਗ਼ਮ ''ਚ ਬਦਲੀਆਂ ! ਲਾੜੇ ਦੇ 4 ਯਾਰਾਂ ਸਣੇ 7 ਜਣਿਆਂ ਦੀ ਸੜਕ ਹਾਦਸੇ ''ਚ ਮੌਤ

ਗਾਜ਼ੀਪੁਰ,  (ਇੰਟ.)-ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਤੋਂ ਬਿਹਾਰ ਜਾ ਰਹੀ ਵਿਆਹ ਦੀ ਬਰਾਤ ’ਚ ਸ਼ਾਮਲ ਇਕ ਕਾਰ ਵੀਰਵਾਰ ਰਾਤ ਬਕਸਰ ਜ਼ਿਲੇ ਦੇ ਰਾਜਪੁਰ ਥਾਣਾ ਖੇਤਰ ’ਚ ਇਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਾਰਨ ਲਾੜੇ ਦੇ 4 ਦੋਸਤਾਂ ਸਮੇਤ 7 ਵਿਅਕਤੀਆਂ ਦੀ ਮੌਤ ਹੋ ਗਈ। ਲੱਗਭਗ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਹੀ ਕਾਰ ਐੱਨ. ਐੱਚ -319 ਏ ’ਤੇ ਇਕ ਬਾਈਕ ਨਾਲ ਟਕਰਾਅ ਗਈ। ਇਸ ਤੋਂ ਬਾਅਦ ਕਾਰ ਕਈ ਵਾਰ ਪਲਟੀ ਤੇ ਫਿਰ ਇਕ ਦਰੱਖਤ ’ਚ ਜਾ ਵੱਜੀ।

ਹਾਦਸੇ ’ਚ ਲਾੜੇ ਦੇ 4 ਦੋਸਤਾਂ ਤੇ 3 ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ’ਚ 4 ਕਾਰ ਸਵਾਰ ਤੇ 3 ਬਾਈਕ ਸਵਾਰ ਸ਼ਾਮਲ ਹਨ। ਕਾਰ ’ਚ ਸਵਾਰ 5 ਨੌਜਵਾਨ ਗਾਜ਼ੀਪੁਰ ਤੋਂ ਕੈਮੂਰ ਜ਼ਿਲੇ ਦੇ ਰਾਮਗੜ੍ਹ ਖੇਤਰ ਦੇ ਵਿਸ਼ਨਪੁਰਾ ਪਿੰਡ ਜਾ ਰਹੇ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ। ਸਥਾਨਕ ਲੋਕਾਂ ਨੇ ਦਰਵਾਜ਼ੇ ਤੋੜ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ। 3 ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਬਾਕੀਆਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।

ਮ੍ਰਿਤਕਾਂ ਦੀ ਪਛਾਣ ਗਾਜ਼ੀਪੁਰ ਦੇ ਭਟੌਰਾ ਪਿੰਡ ਦੇ ਰਹਿਣ ਵਾਲੇ ਬਾਦਲ ਕੁਮਾਰ (30), ਇਰਫਾਨ ਅੰਸਾਰੀ (25), ਅਰਬਾਜ਼ ਅਲੀ (20) ਤੇ ਦਿਵਯਾਂਸ਼ੂ ਠਾਕੁਰ (22) ਵਜੋਂ ਹੋਈ ਹੈ। ਬਾਈਕ ਸਵਾਰ ਉੱਤਰੌਲੀ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀ ਪਛਾਣ ਅਰੁਣ ਕੁਮਾਰ (22), ਸ਼ੁਭਮ ਕੁਮਾਰ (21) ਤੇ ਸ਼ਿਵਮ ਕੁਮਾਰ (18) ਵਜੋਂ ਹੋਈ ਹੈ। ਪਿੰਡ ਦੇ ਮੁਖੀ ਅਜੀਤ ਸਿੰਘ ਅਨੁਸਾਰ ਕਾਰ ਨੂੰ ਚੰਗੂਰ ਕੁਮਾਰ ਉਰਫ਼ ਸਤੇਂਦਰ (25) ਚਲਾ ਰਿਹਾ ਸੀ ਜੋ ਹਾਦਸੇ ਤੋਂ ਬਾਅਦ ਲਾਪਤਾ ਹੈ। ਉਸ ਨੇ 2 ਮਹੀਨੇ ਪਹਿਲਾਂ ਹੀ ਸੈਕਿੰਡ ਹੈਂਡ ਆਈ-20 ਕਾਰ ਖਰੀਦੀ ਸੀ।


author

Shubam Kumar

Content Editor

Related News