''84 ਕਤਲੇਆਮ : ਸੱਜਣ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ, ਚਸ਼ਮਦੀਦ ਨੇ ਦਰਜ ਕਰਵਾਏ ਬਿਆਨ

Thursday, Mar 28, 2019 - 06:44 PM (IST)

''84 ਕਤਲੇਆਮ : ਸੱਜਣ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ, ਚਸ਼ਮਦੀਦ ਨੇ ਦਰਜ ਕਰਵਾਏ ਬਿਆਨ

ਨਵੀਂ ਦਿੱਲੀ (ਵਾਰਤਾ)— ਸਾਲ 1984 ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਭੜਕੇ ਦੰਗਿਆਂ ਦੇ ਇਕ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕਾਂਗਰਸ ਦੇ ਸਾਬਕਾ ਆਗੂ ਸੱਜਣ ਕੁਮਾਰ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਨਜ਼ਰ ਆ ਰਹੀਆਂ ਹਨ। ਦੰਗਿਆਂ ਨਾਲ ਜੁੜੇ ਇਕ ਹੋਰ ਮਾਮਲੇ ਵਿਚ ਸੁਲਤਾਨਪੁਰੀ ਘਟਨਾ ਦੇ ਇਕ ਚਸ਼ਮਦੀਦ ਨੇ ਪਟਿਆਲਾ ਹਾਊਸ ਕੋਰਟ ਵਿਚ ਬਿਆਨ ਦਰਜ ਕਰਵਾਇਆ ਹੈ ਕਿ ਸਾਬਕਾ ਕਾਂਗਰਸੀ ਆਗੂ ਸੱਜਣ ਭੀੜ ਦੀ ਅਗਵਾਈ ਕਰ ਰਿਹਾ ਸੀ ਅਤੇ ਉਸ ਨੂੰ ਭੜਕਾ ਰਹੇ ਸਨ। ਚਸ਼ਮਦੀਦ ਗਵਾਹ ਜੋਗਿੰਦਰ ਸਿੰਘ ਨੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੀ ਸੁਲਤਾਨਪੁਰੀ ਦੀ ਘਟਨਾ ਬਾਰੇ ਜੱਜ ਪੂਨਮ ਬਾਮਬਾ ਦੀ ਅਦਾਲਤ ਵਿਚ ਆਪਣਾ ਬਿਆਨ ਦਰਜ ਕਰਵਾਇਆ।

ਉਨ੍ਹਾਂ ਨੇ ਆਪਣੇ ਬਿਆਨ ਵਿਚ ਕਿਹਾ, ''ਜਦੋਂ ਮੈਂ ਐੱਫ. ਆਈ. ਆਰ. ਦਰਜ ਕਰਾਉਣ ਗਿਆ ਸੀ ਤਾਂ ਪੁਲਸ ਨੇ ਸੱਜਣ ਕੁਮਾਰ ਦਾ ਨਾਂ ਸ਼ਿਕਾਇਤ ਵਿਚ ਲਿਖਣ ਤੋਂ ਇਨਕਾਰ ਕਰ ਦਿੱਤਾ ਸੀ। ਦੰਗਿਆਂ ਵਿਚ ਆਪਣੇ ਭਰਾ ਨੂੰ ਗਵਾਉਣ ਵਾਲੇ ਚਸ਼ਮਦੀਦ ਜੋਗਿੰਦਰ ਦੇ ਬਿਆਨ ਨੂੰ ਰਿਕਾਰਡ ਕਰਨ ਤੋਂ ਬਾਅਦ ਮਾਮਲੇ ਦੀ ਸੁਣਵਾਈ 9 ਅਪ੍ਰੈਲ ਤਕ ਮੁਲਤਵੀ ਕਰ ਦਿੱਤੀ ਗਈ। ਆਉਣ ਵਾਲੀ 11 ਅਪ੍ਰੈਲ ਨੂੰ ਸੱਜਣ ਕੁਮਾਰ ਦੇ ਵਕੀਲ ਗਵਾਹ ਤੋਂ ਸਵਾਲ-ਜਵਾਬ ਕਰਨਗੇ। ਇਸ ਤੋਂ ਪਹਿਲਾਂ ਗਵਾਹ ਚਾਮ ਕੌਰ ਤੋਂ ਸੱਜਣ ਕੁਮਾਰ ਦੇ ਵਕੀਲ ਨੇ ਸਵਾਲ-ਜਵਾਬ ਕੀਤੇ ਸਨ। ਚਾਮ ਕੌਰ ਨੇ ਬੀਤੀ 7 ਮਾਰਚ ਨੂੰ ਬਿਆਨ ਦਰਜ ਕਰਵਾਏ ਸਨ। ਦੱਸਣਯੋਗ ਹੈ 1984 'ਚ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਵਿਚ ਦੰਗੇ ਭੜਕੇ ਸਨ, ਜਿਸ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਚਸ਼ਮਦੀਦ ਨੇ ਕਿਹਾ ਕਿ ਸੱਜਣ ਕੁਮਾਰ ਉਨ੍ਹਾਂ ਦੰਗਿਆਂ ਦੀ ਅਗਵਾਈ ਕਰ ਰਿਹਾ ਸੀ। ਇੱਥੇ ਦੱਸ ਦੇਈਏ ਕਿ 17 ਦਸੰਬਰ 2018 ਨੂੰ ਦਿੱਲੀ ਦੀ ਕੋਰਟ ਨੇ ਸੱਜਣ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।


author

Tanu

Content Editor

Related News