ਸਾਗਰ ਅਡਾਣੀ ਦੇ ਮੋਬਾਈਲ ਫੋਨ ਨੇ ਕਿਵੇਂ ਖੋਲ੍ਹਿਆ ਰਾਜ਼
Friday, Nov 22, 2024 - 10:10 PM (IST)
ਨਵੀਂ ਦਿੱਲੀ- ਅਰਬਪਤੀ ਗੌਤਮ ਅਡਾਣੀ ਦਾ 30 ਸਾਲਾ ਭਤੀਜਾ ਸਾਗਰ ਅਡਾਣੀ 250 ਮਿਲੀਅਨ ਡਾਲਰ ਦੇ ਰਿਸ਼ਵਤਖੋਰੀ ਮਾਮਲੇ ਕਾਰਨ ਚਰਚਾ ’ਚ ਹੈ। ਏਜੰਸੀਆਂ ਵੱਲੋਂ ਅਮਰੀਕਾ ’ਚ ਉਨ੍ਹਾਂ ਦੇ ਮੋਬਾਈਲ ਫੋਨ ਦੀ ਬਰਾਮਦਗੀ ਤੋਂ ਬਾਅਦ ਇਸ ਸਬੰਧੀ ਕਈ ਗੱਲਾਂ ਸਾਹਮਣੇ ਆ ਰਹੀਆਂ ਹਨ।
ਸਾਗਰ ਨੇ ਵੱਕਾਰੀ ਬ੍ਰਾਊਨ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕੀਤੀ ਹੈ। ਉਹ ਅਮਰੀਕੀ ਕਾਨੂੰਨਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਇਸ ਦੇ ਬਾਵਜੂਦ ਉਨ੍ਹਾਂ ਨੇ ਗੱਲਾਂ ਨੂੰ ਸਾਧਾਰਨ ਜਿਹਾ ਸਮਝਣ ਦੀ ਗਲਤੀ ਕੀਤੀ।
ਉਹ ਅਡਾਣੀ ਗ੍ਰੀਨ ਐਨਰਜੀ ਦੇ ਕਾਰਜਕਾਰੀ ਨਿਰਦੇਸ਼ਕ ਬਣੇ। ਉਹ ਅਮਰੀਕਾ ਦੇ ਦੌਰੇ ’ਤੇ ਸਨ ਕਿ ਐੱਫ. ਬੀ. ਆਈ. ਦੇ ਏਜੰਟਾਂ ਨੇ ਅਚਾਨਕ ਉਨ੍ਹਾਂ ਦਾ ਦਰਵਾਜ਼ਾ ਖੜਕਾਇਆ ਤੇ ਉਨ੍ਹਾਂ ਨੂੰ 17 ਮਾਰਚ, 2023 ਦਾ ਸਰਚ ਵਾਰੰਟ ਵਿਖਾਇਆ।
ਅਦਾਲਤ ’ਚ ਦਾਇਰ ਕੀਤੇ ਗਏ ਦਸਤਾਵੇਜ਼ਾਂ ’ਚ ਸਾਗਰ ਨੂੰ ਨਾ ਸਿਰਫ਼ ਇਕ ਸਹਾਇਕ ਸਗੋਂ ਇਕ ਰਣਨੀਤੀਕਾਰ ਵਜੋਂ ਵੀ ਦਰਸਾਇਆ ਗਿਆ ਹੈ, ਜੋ ਭੁਗਤਾਨਾਂ ਦੇ ਪ੍ਰਬੰਧ ਤੇ ਵਸੂਲੀ ’ਚ ਡੂੰਘਾਈ ਨਾਲ ਸ਼ਾਮਲ ਸੀ।
ਉਨ੍ਹਾਂ ਗੌਤਮ ਅਡਾਣੀ ਨਾਲ ਮਿਲ ਕੇ ਕੰਮ ਕੀਤਾ, ਬਿਜਲੀ ਕੰਪਨੀਆਂ ਨਾਲ ਮੀਟਿੰਗਾਂ ਕੀਤੀਆਂ ਤੇ ਸੀਨੀਅਰ ਅਧਿਕਾਰੀਆਂ ਨਾਲ ਰਿਸ਼ਵਤ ਬਾਰੇ ਚਰਚਾ ਕੀਤੀ। ਮੋਬਾਈਲ ਫੋਨ ਡਿਵਾਈਸ ਨੇ ਖੁਲਾਸਾ ਕੀਤਾ ਕਿ ਫਰਵਰੀ 2021 ਨੂੰ ਇਕ ਵ੍ਹਟਸਐਪ ਸੰਦੇਸ਼ ’ਚ ਸਾਗਰ ਨੇ ਜੰਮੂ-ਕਸ਼ਮੀਰ ਤੇ ਛੱਤੀਸਗੜ੍ਹ ’ਚ ਸੰਭਾਵਤ ਬਿਜਲੀ ਸੌਦਿਆਂ ਲਈ ਪ੍ਰਵਾਨਗੀ ਹਾਸਲ ਕਰਨ ਲਈ ‘ਇੰਸੈਂਟਿਵ’ ਨੂੰ ਦੁੱਗਣਾ ਕਰਨ ਦੀ ਚਰਚਾ ਕੀਤੀ ਸੀ।
ਜੁਲਾਈ, 2021 ਦੇ ਇਕ ਹੋਰ ਸੰਦੇਸ਼ ’ਚ 500 ਮੈਗਾਵਾਟ ਬਿਜਲੀ ਸੌਦੇ ਲਈ ਓਡਿਸ਼ਾ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੀ ਪੇਸ਼ਕਸ਼ ਦਾ ਵੇਰਵਾ ਦਿੱਤਾ ਗਿਅਾ ਹੈ। ਸਾਗਰ ਦੇ 2020 ਦੇ ਇਕ ਵ੍ਹਟਸਐਪ ਸੰਦੇਸ਼ ਨੇ ਸਕੀਮ ਦੀ ਗੈਰ-ਯਕੀਨੀ ਪ੍ਰਕਿਰਤੀ ਬਾਰੇ ਉਨ੍ਹਾਂ ਦੀ ਜਾਗਰੂਕਤਾ ਨੂੰ ਉਜਾਗਰ ਕੀਤਾ ਪਰ ਉਸ ਨੂੰ ਲੁਕਾਉਣਾ ਬਹੁਤ ਔਖਾ ਹੈ। ਇਹ ਭੇਤ ਇਸ ਹਫਤੇ ਨਿਊਯਾਰਕ ’ਚ ਉਨ੍ਹਾਂ ’ਤੇ ਦੋਸ਼ ਲਾਏ ਜਾਣ ਪਿੱਛੋਂ ਪੂਰੀ ਤਰ੍ਹਾਂ ਨਾਲ ਬੇਨਕਾਬ ਹੋ ਗਿਆ।
ਮੋਬਾਈਲ ਫੋਨ ਦੀ ਸਕੈਨਿੰਗ ਤੋਂ ਪਤਾ ਲੱਗਾ ਹੈ ਕਿ ਸਾਗਰ ਨੇ ਆਪਣੇ ਮੋਬਾਈਲ ਫੋਨ ’ਤੇ ਸਭ ਕੁਝ ਧਿਆਨ ਨਾਲ ਰਿਕਾਰਡ ਕੀਤਾ ਸੀ। ਇਸ ’ਚ ਰਿਸ਼ਵਤ ਦੀ ਰਕਮ, ਬਦਲੇ ’ਚ ਖਰੀਦੀ ਗਈ ਬਿਜਲੀ ਦੀ ਮੈਗਾਵਾਟ ਤੇ ਇੱਥੋਂ ਤੱਕ ਕਿ ਪ੍ਰਤੀ ਮੈਗਾਵਾਟ ਰਿਸ਼ਵਤ ਦੀ ਦਰ ਵੀ ਸ਼ਾਮਲ ਹੈ। ਇਹ ਸਭ ਗੁਪਤ ਵ੍ਹਟਸਐਪ ਸੰਦੇਸ਼ਾਂ ’ਚ ਹੈ।
ਐੱਫ. ਬੀ. ਆਈ. ਦੇ ਵਿਸ਼ੇਸ਼ ਏਜੰਟਾਂ ਨੇ ਸਾਗਰ ਦੇ ਕਬਜ਼ੇ ’ਚੋਂ ਇਲੈਕਟ੍ਰਾਨਿਕ ਉਪਕਰਨ ਆਪਣੇ ਕਬਜ਼ੇ ’ਚ ਲੈ ਲਏ, ਜਿਸ ਨਾਲ ਪੂਰਾ ਮਾਮਲਾ ਬੇਨਕਾਬ ਹੋ ਗਿਆ।