ਹਰਿਆਣਾ ਚੋਣ ਲੜਨ ਲਈ ਅਕਾਲੀ ਦਲ ਪੱਬਾਂ ਭਾਰ, 30 ਸੀਟਾਂ ਦੀ ਸੂਚੀ ਤਿਆਰ

09/24/2019 5:13:32 PM

ਕਰੂਕਸ਼ੇਤਰ—ਹਰਿਆਣਾ 'ਚ ਗਠਜੋੜ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਹੁਣ ਤੱਕ ਕੋਈ ਫੈਸਲਾ ਨਾ ਲੈ ਜਾਣ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਦੀਆਂ 30 ਸੀਟਾਂ 'ਤੇ ਉਮੀਦਵਾਰਾਂ ਦੀ ਸਕ੍ਰੀਨਿੰਗ ਪੂਰੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਰਿਪੋਰਟ ਬਣਾ ਕੇ ਪਾਰਟੀ ਪ੍ਰਧਾਨ ਨੂੰ ਭੇਜੀ ਜਾਵੇਗੀ, ਉਸ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ। 

ਦਰਅਸਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਰਵਾਨਾ 'ਚ ਅਕਾਲੀ ਨੇਤਾਵਾਂ ਨਾਲ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਮੀਟਿੰਗ ਹੋਈ ਸੀ। ਮੀਟਿੰਗ 'ਚ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਦਾ ਸਹਿਯੋਗ ਕਰਨ ਦੀ ਗੱਲ ਕੀਤੀ ਸੀ। ਅਕਾਲੀ ਨੇਤਾਵਾਂ ਨੇ ਦਾਅਵਾ ਕੀਤਾ ਸੀ ਕਿ ਉਸ ਸਮੇਂ ਮੀਟਿੰਗ 'ਚ ਤੈਅ ਹੋਇਆ ਸੀ ਕਿ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਮਿਲ ਕੇ ਹਰਿਆਣਾ ਵਿਧਾਨ ਸਭਾ ਚੋਣਾਂ ਲੜਨਗੇ ਪਰ ਹੁਣ ਤੱਕ ਗਠਜੋੜ ਨੂੰ ਲੈ ਕੇ ਭਾਜਪਾ ਵੱਲੋਂ ਕੋਈ ਵੀ ਸਕਾਰਤਮਕ ਪਹਿਲ ਨਹੀਂ ਦੇਖਣ ਨੂੰ ਮਿਲ ਰਹੀ ਹੈ। ਇੱਥੇ ਇਹ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਢਾ ਦੇ ਸੰਪਰਕ 'ਚ ਹੈ। ਕੇਂਦਰੀ ਅਗਵਾਈ ਵੱਲੋਂ ਅਕਾਲੀ ਦਲ ਨੂੰ 2 ਸੀਟਾਂ ਦਿੱਤੇ ਜਾਣ ਦੀ ਚਰਚਾ ਦੌਰਾਨ ਅਕਾਲੀ ਦਲ ਦੀ ਕਰੂਕਸ਼ੇਤਰ 'ਚ ਪੂਰਾ ਦਿਨ ਮੀਟਿੰਗ ਚੱਲਦੀ ਰਹੀ।

ਦੱਸ ਦੇਈਏ ਕਿ ਕਰੂਕਸ਼ੇਤਰ 'ਚ ਸੋਮਵਾਰ ਨੂੰ ਹੋਈ ਅਕਾਲੀ ਦਲ ਦੀ ਮੀਟਿੰਗ 'ਚ ਪੰਜਾਬ ਦੇ ਨਾਲ ਲੱਗਦੇ ਜ਼ਿਲਿਆਂ ਤੋਂ ਆਏ ਟਿਕਟ ਦੇ ਉਮੀਦਵਾਰ ਆਪਣੇ ਨਾਲ ਸਮਰੱਥਕਾਂ ਦਾ ਕਾਫੀ ਇਕੱਠ ਲੈ ਕੇ ਆਏ ਸਨ। ਅਕਾਲੀ ਦਲ 2-3 ਦਿਨਾਂ 'ਚ ਭਾਜਪਾ ਵੱਲੋਂ ਕੋਈ ਸੰਕੇਤ ਨਾ ਮਿਲਣ 'ਤੇ ਇਕੱਲੀ ਚੋਣ ਲੜਨ ਦਾ ਐਲਾਨ ਕਰ ਸਕਦੀ ਹੈ। ਇਸ ਤੋਂ ਬਾਅਦ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਘੱਟ ਤੋਂ ਘੱਟ 30 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰ ਦੇਵੇਗਾ। ਪਾਰਟੀ ਦੇ ਕੋਲ ਜਿਨ੍ਹਾਂ 30 ਵਿਧਾਨ ਸਭਾ ਸੀਟਾਂ ਤੋਂ ਐਪਲੀਕੇਸ਼ਨਾਂ ਆਈਆਂ ਉਹ ਯੁਮਨਾਨਗਰ, ਕਰੂਕਸ਼ੇਤਰ , ਅੰਬਾਲਾ, ਫਤਿਹਾਬਾਦ, ਸਿਰਸਾ ਅਤੇ ਕੈਥਲ ਤੋਂ ਹਨ।


Iqbalkaur

Content Editor

Related News