ਜੈਸ਼ੰਕਰ ਨੇ ਪੋਂਪੀਓ ਦਾ ਗਰਮਜੋਸ਼ੀ ਨਾਲ ਕੀਤੀ ਮੁਲਾਕਾਤ, ਕਿਹਾ- ''ਕਰੀਬੀ ਮਿੱਤਰ ਦਾ ਸਵਾਗਤ ਹੈ''
Wednesday, Jun 26, 2019 - 03:04 PM (IST)
![ਜੈਸ਼ੰਕਰ ਨੇ ਪੋਂਪੀਓ ਦਾ ਗਰਮਜੋਸ਼ੀ ਨਾਲ ਕੀਤੀ ਮੁਲਾਕਾਤ, ਕਿਹਾ- ''ਕਰੀਬੀ ਮਿੱਤਰ ਦਾ ਸਵਾਗਤ ਹੈ''](https://static.jagbani.com/multimedia/2019_6image_15_03_086704447jay.jpg)
ਨਵੀਂ ਦਿੱਲੀ— ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨਾਲ ਬੁੱਧਵਾਰ ਨੂੰ ਮੁਲਾਕਾਤ ਕੀਤੀ ਅਤੇ ਭਾਰਤ-ਅਮਰੀਕਾ ਸਾਂਝੇਦਾਰੀ ਨੂੰ ਮਜ਼ਬੂਤ ਕਰਨ 'ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੋਹਾਂ ਮੰਤਰੀਆਂ ਦੀ ਤਸਵੀਰ ਸਾਂਝੀ ਕਰਦੇ ਹੋਏ ਟਵੀਟ ਕੀਤਾ, ''ਕਰੀਬੀ ਮਿੱਤਰ ਦਾ ਸਵਾਗਤ। ਭਾਰਤ-ਅਮਰੀਕਾ ਵਿਚਾਲੇ ਉੱਚ ਪੱਧਰ ਦੇ ਆਦਾਨ-ਪ੍ਰਦਾਨ 'ਤੇ ਜ਼ੋਰ ਦਿੰਦੇ ਹੋਏ, ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤ ਆਈ ਪਹਿਲੀ ਅਮਰੀਕੀ ਹਸਤੀ ਮਾਈਕ ਪੋਂਪੀਓ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।'' ਪੋਂਪੀਓ ਮੰਗਲਵਾਰ ਯਾਨੀ ਕਿ ਕੱਲ ਦਿੱਲੀ ਪੁੱਜੇ ਹਨ। ਉਨ੍ਹਾਂ ਨੇ ਸਵੇਰੇ ਦੇ ਸਮੇਂ ਪੀ. ਐੱਮ. ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਦੋ-ਪੱਖੀ ਸੰਬੰਧਾਂ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕੀਤੀ। ਭਾਰਤ ਨੇ ਕਿਹਾ ਕਿ ਉਹ ਰੂਸ ਨਾਲ ਆਪਣੇ ਪੁਰਾਣੇ ਰੱਖਿਆ ਸੰਬੰਧਾਂ ਨੂੰ ਖਤਮ ਨਹੀਂ ਕਰ ਸਕਦਾ।
ਪੋਂਪੀਓ ਦੀ ਇਹ ਯਾਤਰਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪੀ. ਐੱਮ. ਮੋਦੀ ਵਿਚਾਲੇ ਜੀ-20 ਸ਼ਿਖਰ ਸੰਮੇਲਨ ਤੋਂ ਬਾਅਦ ਹੋਣ ਵਾਲੀ ਬੈਠਕ ਤੋਂ ਪਹਿਲਾਂ ਹੋਈ ਹੈ। ਜਾਪਾਨ ਦੇ ਸ਼ਹਿਰ ਓਸਾਕਾ 'ਚ ਸ਼ਿਖਰ ਸੰਮੇਲਨ 28-29 ਨੂੰ ਹੋਵੇਗਾ, ਜਿੱਥੇ ਭਾਰਤ-ਅਮਰੀਕਾ ਮੁੜ ਮਿਲਣਗੇ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਪੋਂਪੀਓ ਵਿਚਾਲੇ ਬੈਠਕ ਦਾ ਬਿਓਰਾ ਫਿਲਹਾਲ ਨਹੀਂ ਮਿਲ ਸਕਿਆ ਹੈ ਪਰ ਰੂਸ ਤੋਂ ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦ, ਅੱਤਵਾਦ, ਐੱਚ1ਬੀ ਵੀਜ਼ਾ, ਵਪਾਰ ਅਤੇ ਈਰਾਨ ਤੋਂ ਤੇਲ ਖਰੀਦ 'ਤੇ ਅਮਰੀਕੀ ਪਾਬੰਦੀਆਂ ਤੋਂ ਪੈਦਾ ਹੋਣ ਵਾਲੀ ਸਥਿਤੀ ਸਮੇਤ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕੀਤੀ ਗਈ।