ਰਾਹੁਲ ਗਾਂਧੀ ਨੂੰ ਜਾਨੋਂ ਮਾਰਨ ਦੀ ਧਮਕੀ ’ਤੇ ਕੇਰਲ ਵਿਧਾਨ ਸਭਾ ’ਚ ਹੰਗਾਮਾ
Wednesday, Oct 01, 2025 - 01:11 AM (IST)

ਤਿਰੂਵਨੰਤਪੁਰਮ (ਭਾਸ਼ਾ) - ਕੇਰਲ ਵਿਧਾਨ ਸਭਾ ’ਚ ਇਕ ਭਾਜਪਾ ਨੇਤਾ ਵੱਲੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਕਥਿਤ ਤੌਰ ’ਤੇ ਦਿੱਤੀ ਗਈ ਜਾਨੋਂ ਮਾਰਨ ਦੀ ਧਮਕੀ ਦਾ ਮੁੱਦਾ ਉਠਾਉਣ ਦੀ ਆਗਿਆ ਨਾ ਮਿਲਣ ’ਤੇ ਵਿਰੋਧੀ ਮੈਂਬਰਾਂ ਨੇ ਜੰਮ ਕੇ ਹੰਗਾਮਾ ਕੀਤਾ, ਜਿਸ ਤੋਂ ਬਾਅਦ ਮੰਗਲਵਾਰ ਨੂੰ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਕਾਂਗਰਸ ਦੀ ਅਗਵਾਈ ਵਾਲੇ ਯੂ. ਡੀ. ਐੱਫ. ਨੇ ਹੋਰ ਕੰਮ-ਕਾਜ ਮੁਲਤਵੀ ਕਰ ਕੇ ਇਸ ਮਾਮਲੇ ’ਤੇ ਚਰਚਾ ਦੀ ਮੰਗ ਕਰਦੇ ਹੋਏ ਕਾਰਵਾਈ ਮੁਲਤਵੀ ਕਰਨ ਦੇ ਪ੍ਰਸਤਾਵ ਦਾ ਨੋਟਿਸ ਦਿੱਤਾ ਸੀ।
ਇਹ ਵਿਰੋਧ ਪ੍ਰਦਰਸ਼ਨ ਪੁਲਸ ਵੱਲੋਂ ਭਾਜਪਾ ਨੇਤਾ ਪ੍ਰਿੰਟੂ ਮਹਾਦੇਵਨ ਦੇ ਖਿਲਾਫ ਮਾਮਲਾ ਦਰਜ ਕਰਨ ਤੋਂ ਇਕ ਦਿਨ ਬਾਅਦ ਕੀਤਾ ਗਿਆ। ਮਹਾਦੇਵਨ ਨੇ 26 ਸਤੰਬਰ ਨੂੰ ਇਕ ਟੈਲੀਵਿਜ਼ਨ ਡਿਬੇਟ ਦੌਰਾਨ ਕਥਿਤ ਤੌਰ ’ਤੇ ਕਿਹਾ ਸੀ ਕਿ ‘ਰਾਹੁਲ ਗਾਂਧੀ ’ਤੇ ਗੋਲੀਆਂ ਚਲਾਈ ਜਾਣਗੀਆਂ।’
ਹਾਲਾਂਕਿ, ਵਿਧਾਨ ਸਭਾ ਸਪੀਕਰ ਏ. ਐੱਨ. ਸ਼ਮਸੀਰ ਨੇ ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ (ਕੇ. ਪੀ. ਸੀ. ਸੀ.) ਦੇ ਪ੍ਰਧਾਨ ਸਨੀ ਜੋਸਫ ਦੇ ਨੋਟਿਸ ਨੂੰ ਇਹ ਕਹਿੰਦੇ ਹੋਏ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਸ ਮੁੱਦੇ ਨੂੰ ਮੁਲਤਵੀ ਪ੍ਰਸਤਾਵ ਵਜੋਂ ਪੇਸ਼ ਕਰਨ ਲਈ ਤੁਰੰਤ ਕੋਈ ਸਾਰਥਕਤਾ ਜਾਂ ਮਹੱਤਵ ਨਹੀਂ ਹੈ।