ਕੇਂਦਰੀ ਸੂਚਨਾ ਕਮਿਸ਼ਨ ਫਿਰ ਤੋਂ ਬਿਨਾਂ ਮੁਖੀ ਦੇ, ਅੱਧ-ਵਿਚਾਲੇ ਆਰ. ਟੀ. ਆਈ.
Tuesday, Sep 30, 2025 - 12:14 PM (IST)

ਨਵੀਂ ਦਿੱਲੀ- ਲੋਕਾਂ ਦੇ ਹੱਥ ਦਾ ਇਕ ਸ਼ਕਤੀਸ਼ਾਲੀ ਹਥਿਆਰ- ਆਰ.ਟੀ.ਆਈ. ਇਕ ਵਾਰ ਫਿਰ ਅੱਧ-ਵਿਚਾਲੇ ਲਟਕ ਗਿਆ ਹੈ। ਪਿਛਲੇ 11 ਸਾਲਾਂ ਵਿਚ 7ਵੀਂ ਵਾਰ ਕੇਂਦਰੀ ਸੂਚਨਾ ਕਮਿਸ਼ਨ ਬਿਨਾਂ ਮੁਖੀ ਦੇ ਹੈ। ਮੁੱਖ ਸੂਚਨਾ ਕਮਿਸ਼ਨ ਹੀਰਾਲਾਲ ਸਮਾਰੀਆ ਦੇ 13 ਸਤੰਬਰ ਵਿਚ ਸੇਵਾਮੁਕਤ ਹੋਣ ਮਗਰੋਂ ਕਮਿਸ਼ਨ ਫਿਰ ਮੁਖੀ ਤੋਂ ਵਾਂਝਾ ਹੋ ਗਿਆ ਹੈ। ਸਮਾਰੀਆ 65 ਸਾਲ ਦੀ ਉਮਰ ਤੋਂ ਬਾਅਦ ਸੇਵਾਮੁਕਤ ਹੋਏ ਹਨ। ਉਨ੍ਹਾਂ ਨੇ 6 ਨਵੰਬਰ 2023 ਤੋਂ ਲੈ ਕੇ ਇਸ ਸਾਲ 13 ਸਤੰਬਰ ਤੱਕ ਇਸ ਚੋਟੀ ਦੇ ਅਹੁਦੇ ’ਤੇ ਕੰਮ ਕੀਤਾ।
ਸਮਾਰੀਆ ਤੋਂ ਪਹਿਲਾਂ ਵਾਈ. ਕੇ. ਸਿੰਘ ਦੇ ਸੇਵਾਮੁਕਤ ਹੋਣ ਤੋਂ ਬਾਅਦ ਇਹ ਅਹੁਦਾ ਖਾਲੀ ਸੀ। ਸੂਚਨਾ ਦਾ ਅਧਿਕਾਰ ਕਾਨੂੰਨ ਨਾਲ ਸਬੰਧਤ ਮਾਮਲਿਆਂ ਵਿਚ ਅਪੀਲ ਅਥਾਰਟੀ, ਮੁੱਖ ਸੂਚਨਾ ਕਮਿਸ਼ਨ (ਸੀ. ਆਈ. ਸੀ.) ਵਿਚ ਅਗਸਤ, 2014 ਵਿਚ ਤਤਕਾਲੀ ਮੁਖੀ ਰਾਜੀਵ ਮਾਥੁਰ ਦੇ ਸੇਵਾਮੁਕਤ ਹੋਣ ਤੋਂ ਬਾਅਦ ਪਹਿਲੀ ਵਾਰ ਕੋਈ ਮੁਖੀ ਨਹੀਂ ਸੀ।
7 ਵਾਰ ਜਦੋਂ ਵੀ ਮੁਖੀ ਦਾ ਅਹੁਦਾ ਖਾਲੀ ਹੋਇਆ, ਉਹ ਸੇਵਾਮੁਕਤੀ ਕਾਰਨ ਹੋਇਆ। ਜਾਂ ਤਾਂ ਮੌਜੂਦਾ ਮੁਖੀ 65 ਸਾਲ ਦੇ ਹੋ ਗਏ ਜਾਂ ਆਪਣਾ ਨਿਰਧਾਰਤ ਕਾਰਜਕਾਲ ਪੂਰਾ ਕਰ ਲਿਆ। ਵਰਕਰਾਂ ਦਾ ਕਹਿਣਾ ਹੈ ਕਿ ਇਹ ਹੈਰਾਨੀਜਨਤਕ ਹੈ ਕਿ ਹਰੇਕ ਮਾਮਲੇ ਵਿਚ ਨਿਯੁਕਤੀ ਦੇ ਸਮੇਂ ਤੋਂ ਹੀ ਅਹੁਦਾ ਛੱਡਣ ਦੀ ਤਰੀਕ ਪੱਕੀ ਸੀ ਅਤੇ ਇਸ ਦੇ ਬਾਵਜੂਦ ਸਰਕਾਰ ਸਮੇਂ ਸਿਰ ਨਿਯੁਕਤੀਆਂ ਕਰਨ ਵਿਚ ਅਸਫਲ ਰਹੀ। ਕੇਂਦਰ ਨੇ 21 ਮਈ ਨੂੰ ਮੁੱਖ ਸੂਚਨਾ ਕਮਿਸ਼ਨ ਦੇ ਅਹੁਦੇ ਲਈ ਅਰਜ਼ੀਆਂ ਦਾ ਸੱਦਾ ਦਿੰਦੇ ਹੋਏ ਇਕ ਇਸ਼ਤਿਹਾਰ ਜਾਰੀ ਕੀਤਾ ਸੀ। ਅਰਜ਼ੀਆਂ ਮੰਗਣ ਦੀ ਆਖਰੀ ਤਰੀਕ 30 ਜੂਨ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e