2027 ਦੀਆਂ ਪੰਜਾਬ ਚੋਣਾਂ ਦੀ ਤਿਆਰੀ ! ਭਾਜਪਾ ਆਗੂਆਂ ਨੇ RSS ਦੇ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ
Monday, Nov 16, 2026 - 03:41 PM (IST)
ਨਵੀਂ ਦਿੱਲੀ- ਪੰਜਾਬ 'ਚ 2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਮੀਡੀਆ ਰਿਪੋਰਟਾਂ ਅਤੇ ਪਾਰਟੀ ਸੂਤਰਾਂ ਅਨੁਸਾਰ, ਸ਼ੁੱਕਰਵਾਰ ਦੇਰ ਰਾਤ ਚੰਡੀਗੜ੍ਹ ਵਿਖੇ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਉੱਚ ਅਧਿਕਾਰੀਆਂ ਵਿਚਾਲੇ ਇੱਕ ਅਹਿਮ ਰਣਨੀਤਕ ਬੈਠਕ ਹੋਈ। ਲਗਭਗ 4 ਘੰਟੇ ਚੱਲੀ ਇਸ ਮੀਟਿੰਗ 'ਚ ਸੂਬੇ ਦੇ ਮੌਜੂਦਾ ਸਿਆਸੀ ਹਾਲਾਤ, ਜ਼ਿਲ੍ਹਾਵਾਰ ਸੀਟਾਂ ਦੀ ਸਥਿਤੀ ਅਤੇ ਚੋਣ ਰਣਨੀਤੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਸੂਤਰਾਂ ਮੁਤਾਬਕ, ਇਸ ਬੈਠਕ ਦੀ ਅਗਵਾਈ RSS ਦੇ ਜੁਆਇੰਟ ਜਨਰਲ ਸਕੱਤਰ ਅਰੁਣ ਕੁਮਾਰ ਨੇ ਕੀਤੀ, ਜਿਨ੍ਹਾਂ ਨਾਲ ਸੰਘ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਭਾਜਪਾ ਵੱਲੋਂ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਵਿਜੇ ਸਾਂਪਲਾ, ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਮਨਪ੍ਰੀਤ ਸਿੰਘ ਬਾਦਲ ਅਤੇ ਸੰਗਠਨ ਮੰਤਰੀ ਮੰਤਰੀ ਸ਼੍ਰੀਨਿਵਾਸੁਲੂ ਸਮੇਤ ਕਈ ਸੀਨੀਅਰ ਆਗੂ ਸ਼ਾਮਲ ਹੋਏ।
ਰਿਪੋਰਟਾਂ ਅਨੁਸਾਰ, RSS ਆਗੂ ਅਰੁਣ ਕੁਮਾਰ ਨੇ ਭਾਜਪਾ ਲੀਡਰਸ਼ਿਪ ਨੂੰ ਸੂਬੇ ਦੇ 24,000 ਤੋਂ ਵੱਧ ਪੋਲਿੰਗ ਬੂਥਾਂ 'ਤੇ ਜ਼ਮੀਨੀ ਪੱਧਰ ਦੀ ਮੈਨੇਜਮੈਂਟ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ। ਖ਼ਾਸ ਤੌਰ 'ਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਵੱਲੋਂ ਜਿੱਤੇ ਗਏ ਲਗਭਗ 6,000 ਬੂਥਾਂ ਅਤੇ 1 ਤੋਂ 100 ਵੋਟਾਂ ਦੇ ਘੱਟ ਫ਼ਰਕ ਨਾਲ ਹਾਰੇ ਗਏ 5,900 ਬੂਥਾਂ 'ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸਿੱਖ, ਹਿੰਦੂ, ਓ.ਬੀ.ਸੀ. (OBC) ਅਤੇ ਅਨੁਸੂਚਿਤ ਜਾਤੀ (SC) ਭਾਈਚਾਰਿਆਂ ਤੱਕ ਪਹੁੰਚ ਵਧਾਉਣ 'ਤੇ ਵੀ ਜ਼ੋਰ ਦਿੱਤਾ ਗਿਆ।
ਇਸ ਦੇ ਨਾਲ ਹੀ ਮੀਟਿੰਗ 'ਚ ਜਲੰਧਰ 'ਚ ਹੋਣ ਵਾਲੀ ਭਾਜਪਾ ਦੀ ਰੈਲੀ ਅਤੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੇ ਪ੍ਰਸਤਾਵਿਤ ਪ੍ਰੋਗਰਾਮ ਦੀਆਂ ਤਿਆਰੀਆਂ ਦੀ ਜ਼ਿੰਮੇਵਾਰੀ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੂੰ ਸੌਂਪੇ ਜਾਣ ਦੀ ਜਾਣਕਾਰੀ ਮਿਲੀ ਹੈ।
